ਫ਼ਰੀਦਕੋਟ (ਜਸਵੰਤ ਜੱਸ): ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਬਹਬਿਲ ਅਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਇਨਸਾਫ਼ ਲੈਣ ਲਈ ਦੁਬਾਰਾ ਬਰਗਾੜੀ ਮੋਰਚਾ ਲਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ 30 ਜੂਨ ਤੱਕ ਇਨ੍ਹਾਂ ਕਾਂਡਾਂ ਦਾ ਇਨਸਾਫ ਨਹੀਂ ਹੁੰਦਾ ਤਾਂ ਉਹ ਬਰਗਾੜੀ ਵਿੱਚ ਪੱਕਾ ਮੋਰਚਾ ਲਾਉਣਗੇ। ਅੱਜ ਆਖਰੀ ਦਿਨ ਵੀ ਕੋਟਕਪੂਰਾ-ਬਹਬਿਲ ਗੋਲੀਕਾਂਡ ਅਤੇ ਬੇਅਦਬੀ ਕਾਂਡ ਦਾ ਮਾਮਲਾ ਕਿਸੇ ਸਿਰੇ ਨਹੀਂ ਲੱਗ ਸਕਿਆ, ਜਿਸ ਕਰਕੇ ਸਿੱਖ ਜਥੇਬੰਦੀਆਂ ਬਰਗਾੜੀ ਮੋਰਚਾ ਲਾਉਣ ਲਈ ਬਜ਼ਿੱਦ ਹਨ। ਹਾਲਾਂਕਿ ਦੇਰ ਸ਼ਾਮ ਤੱਕ ਬਰਗਾੜੀ ਵਿੱਚ ਕੋਈ ਖ਼ਾਸ ਹਲਚਲ ਨਹੀਂ ਸੀ ਪ੍ਰੰਤੂ ਅਚਾਨਕ ਸ਼ਾਮ ਨੂੰ ਸਿੱਖ ਜਥੇਬੰਦੀਆਂ ਦੀ ਸਰਗਰਮੀ ਵਧਣ ਤੋਂ ਬਾਅਦ ਫਰੀਦਕੋਟ ਪੁਲੀਸ ਨੇ ਪੂਰੇ ਫ਼ਰੀਦਕੋਟ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਹੈ ਅਤੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਇਸ ਮੋਰਚੇ ਨੂੰ ਰੋਕਣ ਲਈ 40 ਤੋਂ ਵੱਧ ਪੁਲੀਸ ਨਾਕੇ ਲਾਏ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਪੁਲੀਸ ਪੂਰੇ ਮਾਮਲੇ ਬਾਰੇ ਚੌਕਸੀ ਵਰਤ ਰਹੀ ਹੈ।