ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਪਰੈਲ
ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਵੇਚਣ ਲਈ ਮੰਡੀਆਂ ’ਚ ਰੁਲਣਾ ਪੈ ਰਿਹਾ ਹੈ। ਬਾਰਦਾਨੇ ਦੀ ਤੋਟ ਵੱਡੀ ਮੁਸ਼ਕਲ ਬਣੀ ਹੋਈ ਹੈ ਤੇ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਨੇ ਗੇਂਦ ਆੜ੍ਹਤੀਆਂ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਸਰਕਾਰ ਨੇ ਆਖਿਆ ਹੈ ਕਿ ਇੱਕ ਵਾਰ ਵਰਤਿਆ ਜਾ ਚੁੱਕਾ ਬਾਰਦਾਨਾ 41.90 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਖਰੀਦ ਕੇ ਕਣਕ ਦੀ ਭਰਾਈ ਕਰਵਾ ਲੈਣ। ਇਸ ਬਾਰਦਾਨੇ ਦੀ ਅਦਾਇਗੀ ਸਰਕਾਰ ਬਾਅਦ ਵਿੱਚ ਆੜ੍ਹਤੀਆਂ ਨੂੰ ਕਰ ਦੇਵੇਗੀ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਚੀਮਾ ਦਾ ਕਹਿਣਾ ਸੀ ਕਿ ਇਸ ਰੇਟ ’ਤੇ ਆੜ੍ਹਤੀਆਂ ਨੂੰ ਬਾਰਦਾਨਾ ਮਿਲ ਹੀ ਨਹੀਂ ਰਿਹਾ ਕਿਉਂਕਿ ਸਰਕਾਰ ਦੇ ਫ਼ੈਸਲੇ ਦਾ ਪਤਾ ਲੱਗਣ ’ਤੇ ਮਾਰਕੀਟ ਵਿੱਚ ਬੋਰੀ ਦਾ ਰੇਟ ਇੱਕ ਦਿਨ ਵਿੱਚ ਹੀ 45 ਤੋਂ 50 ਰੁਪਏ ਹੋ ਗਿਆ ਹੈ। ਸ੍ਰੀ ਚੀਮਾ ਨੇ ਕਿਹਾ ਕਿ ਆੜ੍ਹਤੀਆਂ ਨੇ ਸਰਕਾਰ ਨੂੰ ਆਖ ਦਿੱਤਾ ਹੈ ਕਿ ਅਜਿਹਾ ਇੰਤਜ਼ਾਮ ਸਰਕਾਰ ਮਿੱਲਰਾਂ ਤੋਂ ਕਰਾਵੇ। ਰਵਿੰਦਰ ਚੀਮਾ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਸਮੱਸਿਆ ਦੇ ਮੱਦੇਨਜ਼ਰ ਐਤਕੀਂ ਪਲਾਸਟਿਕ ਦੇ ਬਾਰਦਾਨੇ ਦੀ ਵਰਤੋਂ ਦੀ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੋਰਟਲ ਸਿਸਟਮ ਫੇਲ੍ਹ ਹੋਣ ਕਾਰਨ ਹੁਣ ਤਕ ਖਰੀਦੀ ਗਈ ਜਿਣਸ ਦੀ ਕਿਸਾਨਾਂ ਨੂੰ ਦੋ ਫ਼ੀਸਦੀ ਅਦਾਇਗੀ ਵੀ ਨਹੀਂ ਹੋਈ।
ਮਾੜੇ ਖਰੀਦ ਪ੍ਰਬੰਧਾਂ ਖ਼ਿਲਾਫ਼ ਮੁਜ਼ਾਹਰੇ
ਹਲਕਾ ਸਨੌਰ ਵਿੱਚ ਮਾੜੇ ਖਰੀਦ ਪ੍ਰਬੰਧਾਂ ਖ਼ਿਲਾਫ਼ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦੀ ਅਗਵਾਈ ਹੇਠ ਅੱਜ ਸਰਕਾਰ ਖ਼ਿਲਾਫ਼ ਕਈ ਥਾਈਂ ਰੋਸ ਪ੍ਰਦਰਸ਼ਨ ਕੀਤੇ ਗਏ। ਸ਼ਾਮ ਵੇਲੇ ਵਿਧਾਇਕ ਦੀ ਅਗਵਾਈ ਹੇਠ ਪਟਿਆਲਾ-ਸਨੌਰ-ਦੇਵੀਗੜ੍ਹ ਰੋਡ ’ਤੇ ਧਰਨਾ ਲਾਇਆ ਗਿਆ। ‘ਆਪ’ ਆਗੂ ਇੰਦਰਜੀਤ ਸੰਧੂ ਤੇ ਹਰਮੀਤ ਪਠਾਣਮਾਜਰਾ ਨੇ ਵੀ ਰੋਸ ਪ੍ਰਦਰਸ਼ਨ ਕੀਤੇ।