ਪੱਤਰ ਪ੍ਰੇਰਕ
ਮੋਰਿੰਡਾ 29 ਜੁਲਾਈ
ਇਥੋਂ ਦੇ ਚੁੰਨੀ ਰੋਡ ’ਤੇ ਬਣੇ ਰੇਲਵੇ ਅੰਡਰਬ੍ਰਿਜ ਦੇ ਬੈਰੀਕੇਡ ਨਾਲ ਟਕਰਾਉਣ ਕਾਰਨ ਬੱਸ ਦੀ ਛੱਤ ’ਤੇ ਬੈਠੇ 10 ਬਰਾਤੀ ਬੱਸ ਤੋਂ ਹੇਠਾਂ ਡਿੱਗ ਕੇ ਫੱਟੜ ਹੋ ਗਏ ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਬਾਕੀ ਜ਼ਖ਼ਮੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਸਥਾਨਕ ਸਿਵਲ ਹਸਪਤਾਲ ਤੋਂ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਛੁੱਟੀ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਲੜਕੇ ਹਨੀ ਦੀ ਬਾਰਾਤ ਅਮਲੋਹ ਤੋਂ ਬੱਸ ਨੰਬਰ ਪੀਬੀ 02 ਏਐਕਸ 7785 ਰਾਹੀਂ ਮੋਰਿੰਡਾ ਜਾ ਰਹੀ ਸੀ। ਦੇਰ ਸ਼ਾਮੀ ਬਰਾਤ ਦੀ ਵਿਦਾਇਗੀ ਸਮੇ ਕੁਝ ਬਰਾਤੀ ਬੱਸ ਦੀ ਛੱਤ ਉਤੇ ਚੜ੍ਹ ਗਏ ਅਤੇ ਬੱਸ ਜਦੋ ਚੂੰਨੀ ਰੋਡ ’ਤੇ ਸਥਿਤ ਰੇਲਵੇ ਅੰਡਰਬ੍ਰਿਜ ਤੋਂ ਲੰਘਣ ਲੱਗੀ ਤਾ ਬੱਸ ਉਪਰ ਬੈਠੇ ਬਰਾਤੀ ਅੰਡਰਬ੍ਰਿਜ ਤੋਂ ਪਹਿਲਾਂ ਲੱਗੇ ਲੋਹੇ ਦੇ ਬੈਰੀਕੇਡ ਵਿੱਚ ਫਸ ਗਏ ਅਤੇ ਲਗਪਗ 10 ਬਰਾਤੀ ਹੇਠਾਂ ਡਿੱਗ ਗਏ। ਜ਼ਖ਼ਮੀਆਂ ਵਿੱਚ ਲਾੜੇ ਦਾ ਪਿਤਾ ਗੋਪੀ, ਕਾਲੂ, ਵਿੱਕੀ, ਸਿਕੰਦਰ, ਅਮਨਾ, ਰੋਹਿਤ, ਸ਼ੰਟੀ, ਅਰੁਣ, ਫੌਜੀ ਅਤੇ ਮਲਿਕ ਵਾਸੀ ਅਮਲੋਹ ਸ਼ਾਮਲ ਹਨ। ਦੋ ਬਰਾਤੀਆਂ ਜ਼ਿਆਦਾ ਸੱਟਾਂ ਲੱਗਣ ਕਾਰਨ ਪੀਜੀਆਈ ਭੇਜਣਾ ਪਿਆ ਜਿਸ ਵਿੱਚ ਲਾੜੇ ਦਾ ਪਿਤਾ ਗੋਪੀ ਅਤੇ ਕਾਲੂ ਸ਼ਾਮਲ ਹਨ।