ਸੰਤੋਖ ਗਿੱਲ
ਗੁਰੂਸਰ ਸੁਧਾਰ, 2 ਦਸੰਬਰ
‘ਬਾਪੂ ਜੀ ਤੁਸੀਂ ਡਟੇ ਰਹੋ, ਅਸੀਂ ਵੀ ਦਿੱਲੀ ਆਵਾਂਗੇ’ ਇਹ ਐਲਾਨ 11 ਸਾਲ ਦੀ ਜਸ਼ਨਪ੍ਰੀਤ ਕੌਰ ਅਤੇ 13 ਸਾਲਾ ਮਹਿਕਪ੍ਰੀਤ ਸਿੰਘ ਨੇ ਅੱਜ ਸਾਥੀਆਂ ਸਮੇਤ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਕੀਤਾ। ਪਿੰਡ ਨੂਰਪੁਰਾ ਵਾਸੀ ਸੱਤਵੀਂ ਜਮਾਤ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੇ ਪਿਤਾ ਅੰਮ੍ਰਿਤਪਾਲ ਸਿੰਘ, ਚਾਚਾ ਗੁਰਬਿੰਦਰ ਸਿੰਘ ਲਾਡੀ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਮਹਿਕਪ੍ਰੀਤ ਸਿੰਘ ਦੇ ਪਿਤਾ ਬੇਅੰਤ ਸਿੰਘ ਪਿਛਲੇ 7 ਦਿਨਾਂ ਤੋਂ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਡਟੇ ਹੋਏ ਹਨ। ਇਨ੍ਹਾਂ ਬੱਚਿਆਂ ਸਮੇਤ ਹੋਰ ਸਾਥੀਆਂ ਨੇ ਵੀ ਅੱਜ ਕਿਸਾਨ ਮੋਰਚੇ ਦੀ ਹਮਾਇਤ ਲਈ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ।
ਪਹਿਲੀ ਜਮਾਤ ਦੀ ਮਾਸੂਮ ਵਿਦਿਆਰਥਣ ਹੁਸਨਪ੍ਰੀਤ ਕੌਰ ਅਤੇ 10 ਸਾਲ ਦਾ ਰਾਜਵਿੰਦਰ ਸਿੰਘ ਵੀ ਹੱਥ ਵਿਚ ਤਖ਼ਤੀ ਲੈ ਕੇ ਸੜਕ ਕਿਨਾਰੇ ਨਾਅਰੇ ਮਾਰ ਰਹੇ ਸਨ। 13 ਸਾਲਾ ਮਹਿਕਪ੍ਰੀਤ ਸਿੰਘ ਜਿਹੜਾ ਖ਼ੁਦ ਵੀ ਟਰੈਕਟਰ ਚਲਾਉਣ ਜਾਣਦਾ ਹੈ, ਹੱਥ ਵਿੱਚ ਦਿੱਲੀ ਜਾਣ ਦਾ ਸੱਦਾ ਦਿੰਦੀ ਤਖ਼ਤੀ ਸਮੇਤ ਸੋਨਾਲੀਕਾ ਟਰੈਕਟਰ ਲੈ ਕੇ ਸਕੂਲ ਦੇ ਗੇਟ ਲਾਗੇ ਖੜ੍ਹਾ ਸੀ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਪਿੰਡ ਨੂਰਪੁਰਾ ਦੇ ਕਿਸਾਨ ਆਗੂ ਚਮਕੌਰ ਸਿੰਘ ਅਤੇ ਮਜ਼ਦੂਰ ਆਗੂ ਬਹਾਦਰ ਸਿੰਘ ਨੂਰਪੁਰਾ ਦਿੱਲੀ ਮੋਰਚੇ ਲਈ ਲਾਮਬੰਦੀ ਕਰ ਰਹੇ ਸਨ ਕਿ ਇਸ ਮੌਕੇ ਛੋਟੇ ਬੱਚੇ ਵੀ ਕਿਸਾਨਾਂ ਦੇ ਹੱਕ ਵਿਚ ਨਾਅਰੇ ਮਾਰਦੇ ਦਿੱਲੀ ਮੋਰਚੇ ’ਚ ਜਾਣ ਲਈ ਜ਼ਿੱਦ ਕਰਦੇ ਦੇਖੇ ਗਏ। ਸੀਟੂ ਆਗੂ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ ਅਤੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਮੋਰਚੇ ਸਬੰਧੀ ਲਾਮਬੰਦੀ ਲਈ ਉਹ ਦੋ ਦਿਨ ਪਹਿਲਾਂ ਹੀ ਦਿੱਲੀ ਦੇ ਸਿੰਘੂ ਬਾਰਡਰ ਤੋਂ ਵਾਪਸ ਆਏ ਹਨ। ਅੱਜ ਦਿਨ ਭਰ ਇਲਾਕੇ ਦੇ ਪਿੰਡਾਂ ਵਿੱਚੋਂ ਕਿਸਾਨਾਂ ਦਾ ਦਿੱਲੀ ਕੂਚ ਜਾਰੀ ਰਿਹਾ। ਪਿੰਡਾਂ ਵਿਚੋਂ ਖਾਣ-ਪੀਣ ਦਾ ਸਮਾਨ ਅਤੇ ਗਰਮ ਕੱਪੜੇ ਆਦਿ ਦਿੱਲੀ ਭੇਜਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਮੋਰਚੇ ਵਿੱਚ ਗਏ ਕਿਸਾਨ ਸਾਥੀਆਂ ਦੇ ਪਰਿਵਾਰਾਂ ਦੀ ਮਦਦ ਲਈ ਵੀ ਲੋਕ ਅੱਗੇ ਆ ਰਹੇ ਹਨ।