ਸੁਰਜੀਤ ਮਜਾਰੀ
ਬੰਗਾ, 10 ਅਪਰੈਲ
ਕੌਮਾਂਤਰੀ ਲੇਖਕ ਮੰਚ (ਕਲਮ) ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸਹਿਯੋਗ ਨਾਲ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਦੇ ਛੇ ਸਿਰਮੌਰ ਲੇਖਕਾਂ ਹਰਭਜਨ ਸਿੰਘ ਹੁੰਦਲ, ਡਾ. ਆਤਮਜੀਤ, ਡਾ. ਧਨਵੰਤ ਕੌਰ, ਡਾ. ਭੀਮ ਇੰਦਰ ਸਿੰਘ, ਨੀਤੂ ਅਰੋੜਾ ਤੇ ਕੁਲਦੀਪ ਸਿੰਘ ਦੀਪ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਦਰਸ਼ਨ ਬੁੱਟਰ, ਡਾ. ਲਖਵਿੰਦਰ ਜੌਹਲ, ਡਾ. ਜਸਵਿੰਦਰ ਸਿੰਘ, ਇਕਬਾਲ ਮਾਹਲ ਟੋਰਾਂਟੋ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਨੇ ਸ਼ਿਰਕਤ ਕੀਤੀ।
ਕਲਮ ਦੇ ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ ਨੇ ਸਵਾਗਤੀ ਸ਼ਬਦ ਬੋਲਦਿਆਂ ਕਲਮ ਦੇ 18ਵੇਂ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਡਾ. ਸੁਖਵਿੰਦਰ ਕੰਬੋਜ ਚੇਅਰਮੈਨ ਤੇ ਕੁਲਵਿੰਦਰ ਵਾਈਸ ਚੇਅਰਮੈਨ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੀ ਗਈ ਇਸ ਸੰਸਥਾ ਵੱਲੋਂ ਹਰ ਸਾਲ ਤਿੰਨ ਲੇਖਕਾਂ ਦਾ ਸਨਮਾਨ ਕੀਤਾ ਜਾਂਦਾ ਹੈ, ਪਰ ਕਰੋਨਾ ਕਾਰਨ ਦੋ ਸਾਲ ਸਮਾਗਮ ਨਹੀਂ ਸੀ ਹੋ ਸਕਿਆ। ਡਾ. ਸੁਖਵਿੰਦਰ ਕੰਬੋਜ ਦੇ ਬਾਪੂ ਜੀ ਦੀ ਯਾਦ ਵਿੱਚ ਸਥਾਪਤ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ ਲੈਣ ਲਈ ਹਰਭਜਨ ਸਿੰਘ ਹੁੰਦਲ ਦੇ ਪੁੱਤਰ ਡਾ. ਹਰਪ੍ਰੀਤ ਸਿੰਘ ਹੁੰਦਲ ਪੁੱਜੇ, ਜਦਕਿ ਡਾ. ਆਤਮਜੀਤ ਦੇ ਅਮਰੀਕਾ ਵਿੱਚ ਹੋਣ ਕਰ ਕੇ ਉਨ੍ਹਾਂ ਦਾ ਪੁਰਸਕਾਰ ਨਾਟਕਕਾਰ ਡਾ. ਸਾਹਿਬ ਸਿੰਘ ਮੁਹਾਲੀ ਨੇ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਡਾ. ਕੇਸਰ ਸਿੰਘ ਕੇਸਰ ਯਾਦਗਾਰੀ ਕਲਮ ਪੁਰਸਕਾਰ ਡਾ. ਧਨਵੰਤ ਕੌਰ ਤੇ ਡਾ. ਭੀਮ ਇੰਦਰ ਸਿੰਘ ਨੇ ਹਾਸਲ ਕੀਤਾ। ਬਲਵਿੰਦਰ ਰਿਸ਼ੀ ਯਾਦਗਾਰੀ ਪੁਰਸਕਾਰ ਡਾ. ਨੀਤੂ ਅਰੋੜਾ ਤੇ ਡਾ. ਕੁਲਦੀਪ ਸਿੰਘ ਦੀਪ ਨੂੰ ਦਿੱਤਾ ਗਿਆ। ਇਸ ਦੌਰਾਨ ਅਦਾਰਾ ਕਲਮ ਵੱਲੋਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਹੁਰਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਸੁਖਵਿੰਦਰ ਕੰਬੋਜ ਦੀ ਰਚਨਾਕਾਰੀ ਬਾਰੇ ਡਾ. ਜਸਵਿੰਦਰ ਸਿੰਘ ਵੱਲੋਂ ਸੰਪਾਦਿਤ ਪੁਸਤਕ ਅਤੇ ਡਾ. ਨਿਰਮਲਜੀਤ ਕੌਰ ਦੀ ਭਾਸ਼ਾ ਵਿਗਿਆਨ ਬਾਰੇ ਅਨੁਵਾਦ ਕੀਤੀ ਪੁਸਤਕ ਵੀ ਲੋਕ ਅਰਪਣ ਕੀਤੀ ਗਈ। ਡਾ. ਸੁਖਦੇਵ ਸਿੰਘ ਸਿਰਸਾ ਨੇ ਸੁਖਵਿੰਦਰ ਕੰਬੋਜ ਦੀ ਸ਼ਾਇਰੀ ਦੇ ਪ੍ਰਸੰਗ ਵਿੱਚ ਕਿਤਾਬ ਬਾਰੇ ਚਰਚਾ ਕੀਤੀ। ਇਸ ਮੌਕੇ ਸੁਖਜੀਵਨ (ਪਟਿਆਲਾ) ਵੱਲੋਂ ਕਿਸਾਨ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਨੂੰ ਸਾਕਾਰ ਕਰਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਸਵੀਰ ਬੇਗਮਪੁਰੀ ਨੇ ਪੁਸਤਕ ਪ੍ਰਦਰਸ਼ਨੀ ਲਗਾਈ। ਕਵਿਤਾਵਾਂ ਦੇ ਦੌਰ ਵਿੱਚ ਡਾ. ਸੁਰਜੀਤ ਪਾਤਰ, ਦਰਸ਼ਨ ਬੁੱਟਰ, ਗੁਰਭਜਨ ਸਿੰਘ ਗਿੱਲ, ਬਿਲਾਲ ਸਹਾਰਨਪੁਰੀ, ਤ੍ਰੈਲੋਚਨ ਲੋਚੀ, ਸ਼ਬਦੀਸ਼, ਮਨਜਿੰਦਰ ਧਨੋਆ, ਦੀਪ ਕਲੇਰ, ਕੁਲਵਿੰਦਰ ਕੁੱਲਾ, ਜਸਵੰਤ ਖਟਕੜ, ਡਾ. ਕੁਲਦੀਪ ਸਿੰਘ ਦੀਪ, ਸੁਨੀਲ ਚੰਦਿਆਣਵੀ, ਸ਼ਮਸ਼ੇਰ ਮੋਹੀ, ਸ਼ਾਇਰਾ ਕੁਲਵਿੰਦਰ ਕਮਲ, ਨੀਤੂ ਅਰੋੜਾ, ਤਲਵਿੰਦਰ ਸ਼ੇਰਗਿੱਲ ਤੇ ਦੇਵ ਰਾਜ ਦਾਦਰ ਨੇ ਆਪਣੀਆਂ ਕਵਿਤਾਵਾਂ ਅਤੇ ਗਾਇਕ ਡਾ. ਸੁਖਵੰਤ ਤੇ ਕ੍ਰਿਸ਼ਨ ਹੀਓਂ ਨੇ ਗੀਤਾਂ ਨਾਲ ਸਮਾਂ ਬੰਨ੍ਹਿਆ। ਮੰਚ ਸੰਚਾਲਨ ਹਰਵਿੰਦਰ ਭੰਡਾਲ ਨੇ ਕੀਤਾ।