ਪੱਤਰ ਪ੍ਰੇਰਕ
ਪਾਇਲ, 18 ਅਕਤੂਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿੰਡ ਰੋਹਣੋਂ ਖੁਰਦ ਵਿੱਚ 4 ਸਤੰਬਰ ਨੂੰ ਨਕਲੀ ਇਨਕਮ ਟੈਕਸ ਵਿਭਾਗ ਦੇ ਕਰਮਚਾਰੀ ਬਣ ਕੇ 25 ਲੱਖ ਰੁਪਏ ਲੁੱਟਣ ਵਾਲੇ ਦੋ ਮੁਲਜ਼ਮਾਂ ਦੀਆਂ ਅਗਾਊਂ ਜ਼ਮਾਨਤਾਂ ਰੱਦ ਕਰ ਦਿੱਤੀਆਂ ਹਨ। ਕਿਸਾਨ ਸੱਜਣ ਸਿੰਘ ਤੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਘਟਨਾ ਦੇ ਮੁੱਖ ਮੁਲਜ਼ਮ ਗੁਰਚਰਨ ਸਿੰਘ ਉਰਫ਼ ਚੰਦ ਵਾਸੀ ਪਿੰਡ ਪਮਾਲੀ ਥਾਣਾ ਯੋਧਾ ਅਤੇ ਉਸਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਤੇ ਹਰਪਾਲ ਸਿੰਘ ਵਾਸੀ ਪਿੰਡ ਝੰਮਟ ਥਾਣਾ ਪਾਇਲ ਨੇ ਪੁਲੀਸ ਤੋਂ ਬਚਣ ਲਈ ਹਾਈ ਕੋਰਟ ਵਿੱਚ ਜ਼ਮਾਨਤ ਅਰਜ਼ੀਆਂ ਲਗਾਈਆਂ ਸਨ।
ਇਸ ਲੁੱਟ ਦਾ ਸ਼ਿਕਾਰ ਹੋਏ ਸੱਜਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਦਾ ਪਿਤਾ ਹਰਪਾਲ ਸਿੰਘ ਪਿੰਡ ਝੰਮਟ ਦਾ ਮੌਜੂਦਾ ਸਰਪੰਚ ਹੈ। ਹਾਈ ਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਨੇ ਸੋਮਵਾਰ ਨੂੰ ਮੁਲਜ਼ਮ ਗੁਰਚਰਨ ਸਿੰਘ ਚੰਦ ਅਤੇ ਗੁਰਪ੍ਰੀਤ ਸਿੰਘ ਪੀਤਾ ਦੀਆਂ ਜ਼ਮਾਨਤਾਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ।