ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਦਸੰਬਰ
ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਅੱਜ ਪੰਜਾਬ ਭਰ ’ਚ ਬੈਂਕ ਯੂਨੀਅਨ ਦੇ ਸਾਂਝੇ ਫੋਰਮ ਨੇ ਦੋ ਰੋਜ਼ਾ ਹੜਤਾਲ ਸ਼ੁਰੂ ਕਰਕੇ ਬੈਂਕਾਂ ਦਾ ਕੰਮਕਾਰ ਠੱਪ ਰੱਖਿਆ ਜਿਸ ਕਾਰਨ ਕਰੋੜਾਂ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਬੈਂਕ ਮੁਲਾਜ਼ਮਾਂ ਨੇ ਰੋਸ ਧਰਨੇ ਦਿੱਤੇ ਅਤੇ ਕੇਂਦਰ ਸਰਕਾਰ ਤੇ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਦੇਸ਼-ਵਿਆਪੀ ਬੈਂਕਾਂ ਦੀ ਹੜਤਾਲ ਕਰਨ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹੇ ਦੀਆਂ ਬੈਂਕਾਂ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਤੇਜ਼ੀ ਨਾਲ ਬੈਂਕਾਂ ਦਾ ਨਿੱਜੀਕਰਨ ਕਰਕੇ ਲੋਕਾਂ ਦੇ ਪੈਸਿਆਂ ਨੂੰ ਪੂੰਜੀਪਤੀਆਂ ਦੇ ਹੱਥਾਂ ਵਿੱਚ ਸੌਂਪ ਰਹੀ ਹੈ।
ਜਲੰਧਰ (ਪਾਲ ਸਿੰਘ ਨੌਲੀ): ਅੱਜ ਜਲੰਧਰ ਸ਼ਹਿਰ ਦੀਆਂ 380 ਅਤੇ ਜ਼ਿਲ੍ਹੇ ਦੀਆਂ 720 ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹੀਆਂ। ਬੈਂਕਾਂ ਬੰਦ ਰਹਿਣ ਕਰਕੇ ਕਲੀਅਰਿੰਗ ਹਾਊਸ ਮੁਅੱਤਲ ਰਿਹਾ, ਜਿਸ ਕਾਰਨ 230 ਕਰੋੜ ਦੇ ਚੈੱਕ ਕਲੀਅਰ ਨਹੀਂ ਹੋਏ। ਇਸੇ ਤਰ੍ਹਾਂ 220 ਕਰੋੜ ਦੇ ਲਗਭਗ ਨਗਦ ਲੈਣ-ਦੇਣ ਨਹੀਂ ਹੋ ਸਕਿਆ। ਜਲੰਧਰ ਸ਼ਹਿਰ ਵਿੱਚ 450 ਕਰੋੜ ਤੇ ਜ਼ਿਲ੍ਹੇ ਵਿੱਚ 800 ਕਰੋੜ ਦੇ ਕਾਰੋਬਾਰ ਪ੍ਰਭਾਵਿਤ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਦਲੀਪ ਪਾਠਕ, ਦਿਨੇਸ਼ ਡੋਗਰਾ, ਐੱਚਐੱਸ ਬੀਰ, ਪਵਨ ਬੱਸੀ, ਰਾਜ ਕੁਮਾਰ ਭਗਤ, ਰਾਜੇਸ਼ ਵਰਮਾ, ਵਿਨੋਦ ਸ਼ਰਮਾ, ਬਲਜੀਤ ਕੌਰ ਤੇ ਜਸਵਿੰਦਰ ਸਿੰਘ ਸਾਹਨੀ ਨੇ ਕਿਹਾ ਕਿ ਬੈਂਕਾਂ ਦੇ ਨਿੱਜੀਕਰਨ ਤੇ ਬੈਂਕਿੰਗ ਕਾਨੂੰਨ (ਸੋਧ ਬਿੱਲ 2021) ਵਾਪਸ ਲਿਆ ਜਾਵੇ। ਆਗੂਆਂ ਨੇ ਕਿਹਾ ਕਿ ਸੰਸਦ ਦੇ ਮੌਜੂਦਾ ਸੈਸ਼ਨ ਵਿੱਚ ਇਹ ਬਿੱਲ ਪੇਸ਼ ਕਰਨ ਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਬੈਂਕਾਂ ਦੀ ਹੜਤਾਲ ਜਾਰੀ ਰਹੇਗੀ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਅੰਮ੍ਰਿਤਸਰ ਵਿੱਚ ਪੰਜਾਬ ਬੈਂਕ ਐਂਪਲਾਈਜ਼ ਫੈਡਰੇਸ਼ਨ ਵੱਲੋਂ ਅੱਜ ਹਾਲ ਬਾਜ਼ਾਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਰੋਸ ਰੈਲੀ ਕੀਤੀ ਗਈ। ਜਥੇਬੰਦੀ ਦੇ ਸਕੱਤਰ ਰਵੀ ਰਾਜਦਾਨ ਨੇ ਦੱਸਿਆ ਕਿ ਇਸ ਰੈਲੀ ਵਿੱਚ ਬੈਂਕ ਕਰਮਚਾਰੀ ਅਤੇ ਅਧਿਕਾਰੀ ਦੋਵੇਂ ਸ਼ਾਮਲ ਹੋਏ ਹਨ। ਸਮੂਹ ਕਰਮਚਾਰੀਆਂ ਨੇ ਕੇਂਦਰ ਸਰਕਾਰ ਦੇ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਦੇ ਫ਼ੈਸਲੇ ਖ਼ਿਲਾਫ਼ ਰੋਸ ਦਰਜ ਕਰਾਇਆ ਹੈ। ਰੈਲੀ ਤੋਂ ਬਾਅਦ ਸਮੂਹ ਬੈਂਕ ਕਰਮਚਾਰੀਆਂ ਨੇ ਰੋਸ ਰੈਲੀ ਵੀ ਕੱਢੀ। ਇਹ ਰੋਸ ਰੈਲੀ ਕਟੜਾ ਜੈਮਲ ਸਿੰਘ, ਕਟੜਾ ਸ਼ੇਰ ਸਿੰਘ ਤੇ ਹਾਲ ਬਾਜ਼ਾਰ ਤੋਂ ਹੁੰਦੀ ਹੋਈ ਵਾਪਸ ਪੁੱਜੀ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਰਵੀ ਰਾਜਦਾਨ ਸਮੇਤ ਕਿਸ਼ੋਰ ਸਰੀਨ, ਸੁਰੇਸ਼ ਭਾਟੀਆ, ਰਾਕੇਸ਼ ਬਜਾਜ, ਬਲਰਾਮ ਸਿੰਘ ਤੇ ਮਨਪ੍ਰੀਤ ਸਿੰਘ ਢੀਂਗਰਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨਿੱਜੀਕਰਨ ਦਾ ਫੈ਼ਸਲਾ ਵਾਪਸ ਨਾ ਲਿਆ ਤਾਂ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ।