ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਮਈ
ਇੱਥੇ ਜੀਟੀ ਰੋਡ ’ਤੇ ਇਕ ਸ਼ਾਪਿੰਗ ਮਾਲ ਨੇੜੇ ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚੋਂ ਅੱਜ ਚਾਰ ਅਣਪਛਾਤੇ ਲੁਟੇਰਿਆਂ ਨੇ ਬੈਂਕ ਅਮਲੇ ਨੂੰ ਬੰਦੀ ਬਣਾ ਕੇ ਦਿਨ ਦਿਹਾੜੇ ਲਗਪਗ 5.72 ਲੱਖ ਰੁਪਏ ਲੁੱਟ ਲਏ। ਜਾਣਕਾਰੀ ਮੁਤਾਬਕ ਲੁਟੇਰੇ ਇਕ ਕਾਰ ਵਿਚ ਸਵਾਰ ਹੋ ਕੇ ਆਏ ਸਨ। ਲੁੱਟ ਦੀ ਸੂਚਨਾ ਮਿਲਣ ਮਗਰੋਂ ਵਾਰਦਾਤ ਵਾਲੀ ਥਾਂ ਪਹੁੰਚੇ ਪੁਲੀਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਆਖਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਵੇਰਵੇ ਜਾਰੀ ਕਰਨ ਤੋਂ ਮਨ੍ਹਾਂ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਦੀ ਸ਼ਨਾਖਤ ਸਬੰਧੀ ਕੁਝ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੁਟੇਰੇ ਇਕ ਚਿੱਟੇ ਰੰਗ ਦੀ ਕਾਰ ਵਿਚ ਆਏ ਸਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੈਂਕ ਅਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਘਾਲ ਰਹੀ ਹੈ।
ਬੈਂਕ ਅਧਿਕਾਰੀ ਵਿਜੈ ਮਹਿਰਾ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਵਾਪਰੀ ਹੈ। ਲੁਟੇਰਿਆਂ ਵਿਚੋਂ ਇਕ ਉਪਭੋਗਤਾ ਬਣ ਕੇ ਬੈਂਕ ਵਿਚ ਦਾਖਲ ਹੋਇਆ ਤੇ ਬਾਅਦ ਵਿੱਚ ਉਸ ਨੇ ਬਾਕੀ ਸਾਥੀ ਵੀ ਅੰਦਰ ਸੱਦ ਲਏ, ਜਿਨ੍ਹਾਂ ਨੇ ਬੈਂਕ ਵਿਚੋਂ ਨਗਦੀ ਲਈ। ਇਕ ਹੋਰ ਬੈਂਕ ਮੁਲਾਜ਼ਮ ਨੇ ਦੱਸਿਆ ਕਿ ਜਿਹੜਾ ਲੁਟੇਰਾ ਪਹਿਲਾਂ ਉਪਭੋਗਤਾ ਬਣ ਕੇ ਆਇਆ ਸੀ, ਉਸ ਨੇ ਬੈਂਕ ਵਿਚ ਖਾਤਾ ਖੋਲ੍ਹਣ ਬਾਰੇ ਲੋੜੀਂਦੀਆਂ ਸ਼ਰਤਾਂ ਬਾਰੇ ਪੁੱਛਿਆ ਸੀ ਅਤੇ ਵਾਪਸ ਚਲਾ ਗਿਆ। ਦਸ ਮਿੰਟ ਬਾਅਦ ਉਹ ਸਾਰੇ ਵਾਪਸ ਆ ਗਏ। ਇਨ੍ਹਾਂ ਵਿਚੋਂ ਇਕ ਬੈਂਕ ਦੇ ਗੇਟ ਕੋਲ ਖੜ੍ਹਾ ਰਿਹਾ ਅਤੇ ਬਾਕੀ ਕੈਸ਼ ਕਾਊਂਟਰ ਕੋਲ ਆ ਗਏ। ਇਕ ਮੈਨੇਜਰ ਦੇ ਕਮਰੇ ਵਿਚ ਚਲਾ ਗਿਆ। ਪਿਸਤੌਲ ਦਿਖਾ ਕੇ ਉਨ੍ਹਾਂ ਇਕ ਔਰਤ ਅਤੇ ਅਮਲੇ ਨੂੰ ਬੰਦੀ ਬਣਾਇਆ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਬੈਂਕ ਕੋਲ ਪਿਛਲੇ ਅੱਠ ਮਹੀਨਿਆਂ ਤੋਂ ਕੋਈ ਸੁਰੱਖਿਆ ਕਰਮਚਾਰੀ ਨਹੀਂ ਹੈ।