ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਮਈ
ਪਿੰਡ ਨੌਸ਼ਹਿਰਾ ਕਲਾਂ ਨੇੜੇ ਦੋ ਅਣਪਛਾਤੇ ਹਮਲਾਵਰਾਂ ਨੇ ਪ੍ਰਾਈਵੇਟ ਬੈਂਕ ਕਰਮਚਾਰੀ ਦਾ ਹੱਥ ਕੱਟ ਦਿੱਤਾ ਅਤੇ ਉਸ ਤੋਂ ਨਕਦੀ ਤੇ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਇਹ ਘਟਨਾ ਬੀਤੇ ਦਿਨ ਵਾਪਰੀ ਵਾਪਰੀ ਜਿਸ ਦਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋਂ ਘਟਨਾ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਪੀੜਤ ਵਿਅਕਤੀ ਦੀ ਸ਼ਨਾਖਤ ਅਨੰਦ ਵਿਸ਼ਵਾਸ ਵਜੋਂ ਹੋਈ ਹੈ, ਜੋ ਪਛਮੀ ਬੰਗਾਲ ਨਾਲ ਸਬੰਧਤ ਹੈ ਪਰ ਇਸ ਵੇਲੇ ਇਥੇ ਰਹਿ ਰਿਹਾ ਹੈ। ਉਹ ਮਾਸਿਕ ਕਿਸ਼ਤਾਂ ਦੀ ਰਕਮ ਇਕੱਠੀ ਕਰਕੇ ਬੈਂਕ ਵਾਪਸ ਆ ਰਿਹਾ ਸੀ ਕਿ ਇਹ ਘਟਨਾ ਵਾਪਰ ਗਈ। ਇਸ ਸਬੰਧੀ ਥਾਣਾ ਕੰਬੋਅ ਦੀ ਪੁਲੀਸ ਨੇ ਅੰਕਿਤ ਮਿੱਤਲ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਹੈ। ਪੀੜਤ ਵਿਅਕਤੀ ਦਾ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਜਾਰੀ ਹੈ। ਪੁਲੀਸ ਨੇ ਆਖਿਆ ਕਿ ਪੀੜਤ ਦੇ ਬਿਆਨ ਦੇਣ ਦੇ ਕਾਬਲ ਹੋਣ ਮਾਮਲੇ ਦੀ ਸਥਿਤੀ ਸਪਸ਼ਟ ਹੋਵੇਗੀ।
ਪੁਲੀਸ ਕੋਲ ਸ਼ਿਕਾਇਤ ਕਰਨ ਵਾਲੇ ਅੰਕਿਤ ਨੇ ਦੱਸਿਆ ਕਿ ਉਹ ਅਤੇ ਆਨੰਦ ਵਿਸ਼ਵਾਸ ਬੰਧਨ ਬੈਂਕ ਨਾਲ ਸਬੰਧਤ ਹਨ ਤੇ ਕਿਸ਼ਤਾਂ ਦੀ ਰਕਮ ਇਕੱਠੀ ਕਰਨ ਮਗਰੋਂ ਪਰਤ ਰਹੇ ਸਨ। ਆਨੰਦ ਉਸ ਤੋਂ ਪਿਛਾਂਹ ਮੋਟਰਸਾਈਕਲ ’ਤੇ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਜਣੇ, ਜਿਨ੍ਹਾਂ ਵਿੱਚ ਇਕ ਨਿਹੰਗ ਸਿੰਘ ਵੀ ਸ਼ਾਮਲ ਸੀ, ਨੇ ਤੇਜ਼ਧਾਰ ਹਥਿਆਰ ਨਾਲ ਆਨੰਦ ’ਤੇ ਹਮਲਾ ਕੀਤਾ ਤੇ ਉਸ ਦਾ ਹੱਥ ਕੱਟ ਗਿਆ ਅਤੇ ਹਮਲਾਵਰ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ। ਬੈਗ ਵਿੱਚ 1500 ਰੁਪਏ ਨਕਦ, ਟੈਬਲੇਟ ਅਤੇ ਰਜਿਸਟਰ ਸੀ। ਰਾਹਗੀਰਾਂ ਨੇ ਆਨੰਦ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਲੁਟੇਰਿਆਂ ਦੀ ਗ੍ਰਿਫ਼ਤਾਰੀ ਲਈ ਛਾਪੇ
ਥਾਣਾ ਕੰਬੋਅ ਦੇ ਐੱਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਲੈ ਲਈਆਂ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਘਟਨਾ ਸਬੰਧੀ ਧਾਰਾ 307, 379-ਬੀ ਤਹਿਤ ਹੇਠ ਕੇਸ ਦਰਜ ਕੀਤਾ ਗਿਆ ਹੈ।