ਸੁਰਜੀਤ ਮਜਾਰੀ
ਬੰਗਾ, 23 ਦਸੰਬਰ
ਇਸ ਵਾਰ ਕੌਮਾਂਤਰੀ ਸਾਇੰਸ ਫ਼ਿਲਮ ਮੇਲੇ ’ਚ ਬੰਗਾ ਵਾਸੀ ਐਡਵੋਕੇਟ ਰਾਜਪਾਲ ਗਾਂਧੀ ਦੇ ਸਟੀਵੀਆ ਮਿਸ਼ਨ ਉਪਰ ਬਣੀ ਡਾਕੂਮੈਂਟਰੀ ‘ਗਰੀਨ ਗਾਂਧੀ’ ਹਿੱਸਾ ਬਣਨ ਜਾ ਰਹੀ ਹੈ। ਇਹ ਫ਼ਿਲਮ ਭਲਕੇ ਸਾਇੰਸ ਇੰਡੀਆ ਫੈਸਟ ਸਾਈਟ www.scienceindiafest.com ਉੱਪਰ ਉਪਲੱਬਧ ਹੋਵੇਗੀ। ਇਸ ਫ਼ਿਲਮ ਨੂੰ ਸਮਾਜਿਕ ਸਰੋਕਾਰਾਂ ਦੇ ਪ੍ਰਸਿੱਧ ਡਾਕੂਮੈਂਟਰੀ ਨਿਰਮਾਤਾ ਜਲਾਲ ਉੱਦ ਦੀਨ ਬਾਬਾ ਵੱਲੋਂ ਤਿਆਰ ਕੀਤਾ ਗਿਆ ਹੈ। ਸਟੀਵੀਆ ਦੀ ਕਾਸ਼ਤ, ਉਚਿਤ ਮੰਡੀਕਰਨ, ਦਰਪੇਸ਼ ਸਮੱਸਿਆਵਾਂ, ਰਵਾਇਤੀ ਫ਼ਸਲ ਚੱਕਰ, ਸਹਾਇਕ ਧੰਦੇ ਆਦਿ ਪੱਖ ਤੋਂ ਇਹ ਫ਼ਿਲਮ ਡੂੰਘੀ ਖੋਜ ਦਾ ਕੰਮ ਕਰੇਗੀ। ‘ਮਿੱਠੀ-ਕ੍ਰਾਂਤੀ’ ਦਾ ਮੁੱਢ ਬੰਨ੍ਹਣ ਵਾਲੇ ਬੰਗਾ ਵਾਸੀ ਐਡਵੋਕੇਟ ਰਾਜਪਾਲ ਸਿੰਘ ਗਾਂਧੀ ਸੂਬਾ ਤੇ ਕੇਂਦਰ ਸਰਕਾਰ ਤੋਂ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਹੋ ਚੁੱਕੇ ਹਨ। ਉਨ੍ਹਾਂ ਨੂੰ ਸਟੀਵੀਆ ਤੋਂ ਤਿਆਰ ਹੋਣ ਵਾਲੇ ਵੱਖ ਵੱਖ ਪਦਾਰਥਾਂ ਦਾ ਪਲੇਠਾ ਉਦਯੋਗ ਸਥਾਪਤ ਕਰਨ ਦਾ ਮਾਣ ਵੀ ਹਾਸਲ ਹੈ। ਇਸ ਪ੍ਰਾਪਤੀ ’ਤੇ ਪ੍ਰਸੰਨਤਾ ਦਾ ਇਜ਼ਹਾਰ ਕਰਦਿਆਂ ਐਡਵੋਕੇਟ ਰਾਜਪਾਲ ਸਿੰਘ ਗਾਂਧੀ ਨੇ ਕਿਹਾ ਕਿ ਕੌਮੀ ਫ਼ਿਲਮ ਫੇਅਰ ’ਚ ਉਨ੍ਹਾਂ ਦੀ ਸਟੀਵੀਆ ਖੇਤੀ ’ਤੇ ਦਸਤਾਵੇਜ਼ ਦਾ ਪਰਦੇ ’ਤੇ ਦਿਖਾਏ ਜਾਣਾ ਉਨ੍ਹਾਂ ਦੇ ਉਤਸ਼ਾਹ ’ਚ ਵਾਧਾ ਕਰੇਗਾ ਅਤੇ ਉਹ ਭਵਿੱਖ ’ਚ ਆਪਣੇ ਮਿਸ਼ਨ ’ਚ ਹੋਰ ਲਗਨ ਤੇ ਮਿਹਨਤ ਨਾਲ ਅੱਗੇ ਵਧਣਗੇ।