ਜੋਗਿੰਦਰ ਸਿੰਘ ਮਾਨ
ਮਾਨਸਾ, 20 ਸਤੰਬਰ
ਰਾਜਸਥਾਨ ਵਿੱਚ ਨਿਗੌਰ ਅਦਾਲਤ ਦੇ ਬਾਹਰ ਗੈਂਗਸਟਰ ਸੰਦੀਪ ਬਿਸ਼ਨੋਈ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਬੰਬੀਹਾ ਗੈਂਗ ਨੇ ਉਸ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ ਜਿਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਵੀ ਨਸ਼ਰ ਕੀਤੀ ਹੈ। ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਕਿਹਾ ਕਿ ਸੰਦੀਪ ਦਾ ਕੰਮ ਉਨ੍ਹਾਂ ਦੇ ਸ਼ੇਰ ਭਰਾਵਾਂ ਵਲੋਂ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਅਤੇ ਗੋਲਡੀ ਦਾ ਵੀ ਇਹੋ ਹਸ਼ਰ ਹੋਵੇਗਾ। ਦੱਸਣਾ ਬਣਦਾ ਹੈ ਕਿ ਇਹ ਤਿੰਨੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ ਹੇਠ ਨਾਮਜ਼ਦ ਹਨ। ਬੰਬੀਹਾ ਗੈਂਗ ਦੀ ਇਹ ਪੋਸਟ ਹੁਣ ਪੰਜਾਬ ਪੁਲੀਸ ਲਈ ਵੱਡੀ ਸਿਰਦਰਦੀ ਬਣ ਗਈ ਹੈ।
ਇਸ ਸਮੇਂ ਲਾਰੈਂਸ ਅਤੇ ਜੱਗੂ ਦੋਵੇਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹਨ। ਗੈਂਗਸਟਰ ਗੋਲਡੀ ਬਰਾੜ ਕੈਨੇਡਾ ’ਚ ਲੁਕਿਆ ਹੋਇਆ ਹੈ। ਬੰਬੀਹਾ ਗੈਂਗ ਨੇ ਪਹਿਲਾਂ ਹੀ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦਾ ਨਾਂ ਉਨ੍ਹਾਂ ਦੇ ਗੈਂਗ ਨਾਲ ਜ਼ਬਰਦਸਤੀ ਜੋੜਿਆ ਗਿਆ ਸੀ ਅਤੇ ਇਸ ਲਈ ਲਾਰੈਂਸ ਉਨ੍ਹਾਂ ਨੇ ਉਸ ਦਾ ਕਤਲ ਕੀਤਾ ਸੀ।