ਜੋਗਿੰਦਰ ਸਿੰਘ ਮਾਨ
ਮਾਨਸਾ, 20 ਸਤੰਬਰ
ਰਾਜਸਥਾਨ ਦੇ ਨਾਗੌਰ ’ਚ ਦਿਨ ਦਿਹਾੜੇ ਸੰਦੀਪ ਬਿਸ਼ਨੋਈ ਦੇ ਕੀਤੇ ਗਏ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲੈ ਲਈ ਹੈ। ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਕਿਹਾ ਕਿ ਸੰਦੀਪ ਦਾ ਕਤਲ ਉਨ੍ਹਾਂ ਦੇ ਸ਼ੇਰ ਭਰਾਵਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦਾ ਵੀ ਇਹੋ ਹਸ਼ਰ ਹੋਵੇਗਾ। ਦੱਸ ਦੇਈਏ ਕਿ ਇਹ ਤਿੰਨੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਕਸੂਰਵਾਰ ਮੰਨੇ ਜਾ ਰਹੇ ਹਨ।
ਬੰਬੀਹਾ ਗੈਂਗ ਦੀ ਇਹ ਪੋਸਟ ਹੁਣ ਪੰਜਾਬ ਪੁਲੀਸ ਲਈ ਵੱਡੀ ਸਿਰਦਰਦੀ ਬਣ ਗਈ ਹੈ। ਇਸ ਸਮੇਂ ਲਾਰੈਂਸ ਅਤੇ ਜੱਗੂ ਦੋਵੇਂ ਪੰਜਾਬ ਪੁਲੀਸ ਦੀ ਹਿਰਾਸਤ ਵਿੱਚ ਹਨ। ਇਸ ਤੋਂ ਪਹਿਲਾਂ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਹਿਮਾਚਲ ਦੀ ਨਾਲਾਗੜ੍ਹ ਅਦਾਲਤ ’ਚ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਲਈ ਹੈ।
ਸੋਮਵਾਰ ਦੀ ਰਾਤ ਨੂੰ ਬੰਬੀਹਾ ਗਰੁੱਪ ਨੇ ਸ਼ੋਸਲ ਮੀਡੀਆ ’ਤੇ ਪੋਸਟ ਕਰਕੇ ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਥੇ ਹੀ ਬੰਬੀਹਾ ਗਰੁੱਪ ਦੀ ਇਸ ਪੋਸਟ ਨੂੰ ਪੰਜਾਬ ਦੀਆਂ ਖੁਫ਼ੀਆ ਏਜੰਸੀਆਂ ਨੇ ਘੋਖਣਾ ਆਰੰਭ ਕਰ ਦਿੱਤਾ ਹੈ, ਹਾਲਾਂਕਿ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਆਖਿਆ ਕਿ ਸੰਦੀਪ ਦੇ ਕਤਲ ਦਾ ਮੂਸੇਵਾਲਾ ਕਤਲ ਨਾਲ ਕੋਈ ਵੀ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪੋਸਟਾਂ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਦੇ ਯਤਨ ਤੋਂ ਬਿਨਾਂ ਕੁੱਝ ਨਹੀਂ ਹਨ ਤੇ ਮਾਨਸਾ ਪੁਲੀਸ ਸੋਸ਼ਲ ਮੀਡੀਆ ’ਤੇ ਪਾਈਆਂ ਅਜਿਹੀਆਂ ਪੋਸਟਾਂ ਨੂੰ ਪਹਿਲਾਂ ਹੀ ਜਾਅਲੀ ਸਾਬਤ ਕਰ ਚੁੱਕੀ ਹੈ।
ਰਾਜਸਥਾਨ ਵਿੱਚ ਹੋਏ ਇਸ ਕਤਲ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਪੰਜਾਬ ਪੁਲੀਸ ਨੂੰ ਇਨਪੁਟ ਦੇ ਚੁੱਕੀਆਂ ਹਨ ਕਿ ਪੰਜਾਬ ਵਿੱਚ ਵੱਡੀ ਗੈਂਗਵਾਰ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਇਨਪੁਟ ਤੋਂ ਬਾਅਦ ਪੰਜਾਬ ਪੁਲੀਸ ਵੀ ਅਲਰਟ ਹੈ। ਬੰਬੀਹਾ ਅਤੇ ਲਾਰੈਂਸ ਗੈਂਗ ਕਿਸੇ ਵੀ ਸਮੇਂ ਟਕਰਾ ਸਕਦੇ ਹਨ। ਇਸ ਲਈ ਰਾਜਸਥਾਨ ਵਿੱਚ ਵਾਪਰੀ ਘਟਨਾ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਦੀ ਪ੍ਰੋਡਕਸ਼ਨ ਵੀ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾਵੇਗੀ ਕਿਉਂਕਿ ਪੰਜਾਬ ਪੁਲੀਸ ਕੋਈ ਜ਼ੋਖ਼ਮ ਨਹੀਂ ਉਠਾਉਣਾ ਚਾਹੁੰਦੀ।
ਰਾਜਸਥਾਨ ਵਿੱਚ ਹੋਈ ਇਸ ਘਟਨਾ ਨੇ ਪੁਲੀਸ ਅਤੇ ਕਾਨੂੰਨ ਵਿਵਸਥਾ ’ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਥੇ ਹੀ ਪਿਛਲੇ ਕੁੱਝ ਮਹੀਨਿਆਂ ਤੋਂ ਦੇਸ਼ ਵਿੱਚ ਚੱਲ ਰਹੀ ਵੱਡੀ ਗੈਂਗਵਾਰ ’ਚ ਰਾਜਸਥਾਨ ਦਾ ਨਾਂ ਕਿਤੇ ਨਾ ਕਿਤੇ ਜੁੜ ਰਿਹਾ ਹੈ।