ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਗਸਤ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਗੈਂਗ ਨੇ ਮੁੜ ਲਾਰੈਂਸ ਬਿਸ਼ਨੋਈ ਗੈਂਗ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰ ਕੇ ਕਿਹਾ ਕਿ ਉਹ ਗੋਲਡੀ ਬਰਾੜ ਅਤੇ ਗਾਇਕ ਮਨਕੀਰਤ ਔਲਖ ਤੋਂ ਬਦਲਾ ਲੈਣਗੇ। ਬੰਬੀਹਾ ਗੈਂਗ ਨੇ ਇਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੰਬੀਹਾ ਗੈਂਗ ਨੇ ਪਹਿਲਾਂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਸੀ। ਬੰਬੀਹਾ ਗੈਂਗ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਦੀਆਂ ਗੱਲਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਸ਼ੇ ਵੇਚਣ ਤੇ ਪੈਸਿਆਂ ਲਈ ਕੈਦੀਆਂ ਨੂੰ ਮਾਰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਪੰਜਾਬੀ ਗਾਇਕ ਦਾ ਨਾਂ ਸਾਹਮਣੇ ਆਇਆ ਸੀ ਪਰ ਇਸ ਨਾਂ ਨੂੰ ਗੁਪਤ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੋ ਵੀ ਜੱਗੂ ਭਗਵਾਨਪੁਰੀਆ, ਲਾਰੈਂਸ ਅਤੇ ਗੋਲਡੀ ਬਰਾੜ ਦੀ ਸਹਾਇਤਾ ਕਰੇਗਾ, ਉਸ ਨੂੰ ਜ਼ਰੂਰ ਮਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਨਕੀਰਤ ਔਲਖ ਵੀ ਦੋਸ਼ੀ ਹੈ ਤੇ ਉਹ ਸੂਚੀ ਵਿੱਚ ਸਿਖਰ ’ਤੇ ਹੈ। ਇਸ ਸਬੰਧੀ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਰਾਜ ਵਿੱਚ ਕਿਸੇ ਨੂੰ ਮਾਹੌਲ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੀਆਂ ਪੋਸਟਾਂ ਪਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਟਵਿੱਟਰ ਖਾਤਾ ਖੋਲ੍ਹਿਆ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਟਵਿੱਟਰ ’ਤੇ ਆਪਣਾ ਖਾਤਾ ਖੋਲ੍ਹ ਲਿਆ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਜੰਗ ਹੁਣ ਸਿਰਫ਼ ਸੜਕ ’ਤੇ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ’ਤੇ ਵੀ ਲੜੀ ਜਾਵੇਗੀ। ਇਸ ਖਾਤੇ ਨਾਲ ਵੱਡੀ ਗਿਣਤੀ ਪ੍ਰਸ਼ੰਸਕ ਜੁੜ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਰਕਾਰ ਨੂੰ ਕਾਫੀ ਸਮਾਂ ਦਿੱਤਾ ਹੈ ਪਰ ਹੁਣ ਸੰਘਰਸ਼ ਕਰਨਾ ਪਵੇਗਾ। ਦੂਜੇ ਪਾਸੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਹੁਣ ਸੜਕਾਂ ’ਤੇ ਬੈਠਣਗੇ। ਮੂਸੇਵਾਲਾ ਦੇ ਪ੍ਰਸੰਸਕ ਇਨਸਾਫ ਲਈ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾ ਰਹੇ ਹਨ। ਮੂਸੇਵਾਲਾ ਦੇ ਪਿਤਾ ਆਪਣੇ ਪੁੱਤਰ ਦੇ ਅਧਿਕਾਰਤ ਖਾਤੇ ਤੋਂ ਆਪਣੀ ਗੱਲ ਰੱਖ ਰਹੇ ਸਨ ਪਰ ਹੁਣ ਉਹ ਆਪਣੇ ਖਾਤੇ ਰਾਹੀਂ ਪ੍ਰਸ਼ੰਸਕਾਂ ਨਾਲ ਸਿੱਧੀ ਗੱਲ ਕਰਨਗੇ। ਉਨ੍ਹਾਂ ਅੱਜ ਟਵੀਟ ਕਰਦਿਆਂ ਦੱਸਿਆ ਕਿ 25 ਅਗਸਤ ਨੂੰ ਮਾਨਸਾ ਦੀ ਪੁਰਾਣੀ ਅਨਾਜ ਮੰਡੀ ਤੋਂ ਲਕਸ਼ਮੀ ਨਰਾਇਣ ਮੰਦਰ ਤੱਕ ਸ਼ਾਮ ਚਾਰ ਵਜੇ ਮੋਮਬੱਤੀ ਮਾਰਚ ਕੱਢਿਆ ਜਾਵੇਗਾ।