ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ ਆਪ ਨਾਲ ਹਿੰਸਾ ਕਰਦਾ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਉਮੀਦ ਸੀ ਕਿ ਕਰੋਨਾਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਨ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਿਨਾਂ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫ਼ਲ ਰਹੇ ਹਾਂ।
ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਜੁਲਾਈ
ਅਤਿ ਦੀ ਮਹਿੰਗਾਈ ਦੇ ਜ਼ਮਾਨੇ ਵਿਚ ਕੇਵਲ 25 ਰੁਪਏ ਦਿਹਾੜੀ ਨਾਲ ਚਾਰ ਜੀਅ ਰੋਟੀ ਕਿਵੇਂ ਖਾਂਦੇ ਹੋਣਗੇ, ਇਹ 60 ਸਾਲਾਂ ਨੂੰ ਢੁੱਕੀ ਪਿੰਡ ਜੌਹਲਾਂ ਵਾਸੀ ਬਲਵਿੰਦਰ ਕੌਰ ਨਾਲੋਂ ਬਿਹਤਰ ਕੌਣ ਜਾਣਦਾ ਹੈ। ਸਰਕਾਰ ਵੱਲੋਂ ਮਿਲਦੀ ਸਾਢੇ ਸੱਤ ਸੌ ਰੁਪਏ ਵਿਧਵਾ ਅਤੇ ਬੁਢਾਪਾ ਪੈਨਸ਼ਨ ਨਾਲ ਵਕਤ ਨੂੰ ਧੱਕਾ ਦੇ ਰਹੀ ਬਲਵਿੰਦਰ ਕੌਰ ਦੁਬਈ ਵਿਚ ਫਸੇ ਬੈਠੇ ਆਪਣੇ ਪੁੱਤਰ ਦੇ ਦੋ ਬੱਚਿਆਂ ਅਤੇ ਨੂੰਹ ਨਾਲ ਦਿਨ ਕਟੀ ਕਰਨ ਲਈ ਮਜਬੂਰ ਹੈ। ਬੇਜ਼ਮੀਨੇ ਕਿਸਾਨ ਪਰਿਵਾਰ ਦਾ ਮੁਖੀ ਅਤੇ ਬਲਵਿੰਦਰ ਕੌਰ ਦੇ ਸਿਰ ਦਾ ਸਾਈਂ ਹਰਦੇਵ ਸਿੰਘ 2013 ਵਿੱਚ ਰੱਬ ਨੂੰ ਪਿਆਰਾ ਹੋ ਗਿਆ ਸੀ।
ਆਪਣੇ ਦੋ ਜਵਾਨ ਪੁੱਤਰਾਂ ਦੇ ਸਿਰ ’ਤੇ ਜ਼ਿੰਦਗੀ ਬਤੀਤ ਕਰਨ ਬਾਰੇ ਸੋਚ ਕੇ ਬਲਵਿੰਦਰ ਕੌਰ ਮਨ ਨੂੰ ਧਰਵਾਸ ਦੇ ਛੱਡਦੀ ਸੀ। ਵੱਡਾ ਪੁੱਤਰ ਜਸਮੇਲ ਸਿੰਘ 2005 ਤੋਂ ਹੀ ਅਰਬ ਦੇਸ਼ਾਂ ਵਿਚ ਕਮਾਈ ਲਈ ਤੁਰ ਗਿਆ ਸੀ, ਦਿਨ ਰਾਤ ਮਿਹਨਤ ਕਰ ਕੇ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਆ ਰਿਹਾ ਹੈ। ਉਸ ਦਾ ਵਿਆਹ ਵੀ ਹੋ ਗਿਆ ਅਤੇ ਦੋ ਬੱਚੇ ਵੀ ਘਰ ਦੀ ਰੌਣਕ ਬਣ ਗਏ ਹਨ। ਬਲਵਿੰਦਰ ਦਾ ਛੋਟਾ ਪੁੱਤਰ ਗੁਰਮੇਲ ਸਿੰਘ ਲਾਲਾ ਦਸਵੀਂ ਤਕ ਪੜ੍ਹ ਕੇ ਰੁਜ਼ਗਾਰ ਦੀ ਭਾਲ ਵਿਚ ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਵਿਚ ਟਰਾਂਸਪੋਰਟ ਕੰਪਨੀ ਵਿਚ ਕੰਮ ਕਰਨ ਲੱਗਿਆ ਸੀ। ਮਾਂ ਬਲਵਿੰਦਰ ਕੌਰ ਊਸ ਦੇ ਵਿਆਹ ਦੇ ਸੁਫ਼ਨੇ ਦੇਖਣ ਲੱਗੀ ਸੀ, ਪਰ ਸੁੱਖਾਂ ਸੁੱਖਦੀ ਮਾਂ ਜਿਹੜੀ ਗੱਲ ਤੋਂ ਡਰਦੀ ਸੀ ਲਾਲਾ ਉਸੇ ਰਾਹ ਤੁਰ ਪਿਆ ਸੀ। ਜਿਹੜੀ ਅਲਾਮਤ ਤੋਂ ਮਾਪੇ ਭੈਅ ਖਾਂਦੇ ਸਨ ਅਤੇ ਆਪਣੀ ਔਲਾਦ ਨੂੰ ਬਚਾ ਕੇ ਰੱਖਣਾ ਲੋਚਦੇ ਸਨ, ਗੁਰਮੇਲ ਮੁੜ ਨਾਸਿਕ ਕੰਮ ’ਤੇ ਜਾਣ ਦੀ ਥਾਂ ਉਸੇ ਦਲਦਲ ਵਿਚ ਧਸਦਾ ਚਲਾ ਗਿਆ। ਬਲਵਿੰਦਰ ਕੌਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰਾਂ ਦੇ ਸਿਰ ’ਤੇ ਸੁੱਖ ਦੀ ਜ਼ਿੰਦਗੀ ਜਿਊਣ ਦੇ ਸੁਫ਼ਨੇ ਦੇਖਦੀ ਸੀ, ਪਰ ਉਸ ਦੇ ਸੁਫ਼ਨਿਆਂ ਨੂੰ ‘ਚਿੱਟੇ’ ਦਾ ਗ੍ਰਹਿਣ ਲੱਗ ਗਿਆ ਸੀ। ਚਿੱਟੇ ਨੇ ਪਿੰਡ ਦੇ ਕਈ ਘਰ ਪਹਿਲਾਂ ਹੀ ਉਜਾੜ ਦਿੱਤੇ ਸਨ। ਮਾਂ ਦੀਆਂ ਅਰਦਾਸਾਂ ਵੀ ਗੁਰਮੇਲ ਦੇ ਕੰਮ ਨਾ ਆਈਆਂ, 2020 ਚੜ੍ਹਦੇ ਸਾਰ ਹੀ ਉਸ ਦੀ ਹਾਲਤ ਬਦਤਰ ਹੋਣ ਲੱਗੀ। ਵੱਡਾ ਪੁੱਤਰ ਜਸਮੇਲ ਸਿੰਘ ਵੀ ਦੁਬਈ ਤੋਂ ਛੁੱਟੀ ਕੱਟਣ ਆਇਆ ਹੋਇਆ ਸੀ, ਪਰ ਇਕ ਬਾਰੀਕ ਜਿਹੀ ਸੂਈ ਨੇ 19 ਜਨਵਰੀ ਦੀ ਮਨਹੂਸ ਸ਼ਾਮ ਨੂੰ ਪਰਿਵਾਰ ਦੀ ਕਿਸਮਤ ਵਿੰਨ੍ਹ ਕੇ ਰੱਖ ਦਿੱਤੀ ਸੀ।
ਸਾਰੀ ਦੁਨੀਆਂ ਨੂੰ ਜਦੋਂ ਕਰੋਨਾਵਾਇਰਸ ਕਾਰਨ ਸੰਸਾ ਖੜ੍ਹਾ ਹੋ ਗਿਆ ਸੀ, ਤਾਂ ਪਰਿਵਾਰ ਪਾਲਣ ਦੇ ਫ਼ਿਕਰਾਂ ਵਿਚ ਜਸਮੇਲ ਸਿੰਘ 11 ਮਾਰਚ ਨੂੰ ਮੁੜ ਦੁਬਈ ਲਈ ਤੁਰ ਗਿਆ। ਦੁਬਈ ਵਿਚ ਤਾਲਾਬੰਦੀ ਨੇ ਸਾਰੇ ਪਰਿਵਾਰ ਦੀ ਕਿਸਮਤ ਨੂੰ ਹੀ ਤਾਲੇ ਮਾਰ ਦਿੱਤੇ। ਵੋਟਾਂ ਵੇਲੇ ਹੱਥ ਜੋੜਨ ਵਾਲੇ ਵੀ ਇਸ ਔਖੇ ਵੇਲੇ ਪਾਸਾ ਵੱਟ ਕੇ ਲੰਘਣ ਲੱਗ ਗਏ ਸਨ। ਖਾਂਦੇ-ਪੀਂਦੇ ਜ਼ਮੀਨਾਂ ਵਾਲਿਆਂ ਨੂੰ ਵੀ ਫੋਟੋ ਵਾਲੇ ਰਾਸ਼ਨ ਦੀਆਂ ਕਿੱਟਾਂ ਮਿਲੀਆਂ ਬਲਵਿੰਦਰ ਕੌਰ ਦੇ ਪਰਿਵਾਰ ਨੂੰ ਉਹ ਵੀ ਨਸੀਬ ਨਾ ਹੋਈਆਂ। ਕੇਵਲ ਵਿਧਵਾ ਪੈਨਸ਼ਨ ਦੇ ਸਹਾਰੇ ਦਿਨ ਕੱਟੀ ਲਈ ਮਜਬੂਰ ਬਲਵਿੰਦਰ ਕੌਰ ਨੇ ਦੱਸਿਆ ਕਿ ਨਿਆਣਿਆਂ ਦੀ ਸਕੂਲ ਫੀਸ ਅਤੇ ਹੋਰ ਖ਼ਰਚੇ ਤੋਰਨੇ ਤਾਂ ਪਹਿਲਾਂ ਹੀ ਮੁਸ਼ਕਲ ਸਨ, ਉੱਪਰੋਂ ਆਏ ਬਿਜਲੀ ਬਿੱਲ ਨੇ ਸਾਹ ਹੀ ਸੂਤ ਦਿੱਤੇ ਹਨ। ਪਰਿਵਾਰ ਕੋਲ ਹੋਰ ਕੋਈ ਆਮਦਨ ਦਾ ਸਾਧਨ ਵੀ ਨਹੀਂ ਹੈ। ਹੋਰ ਖ਼ਰਚੇ ਤਾਂ ਦੂਰ ਪਰਿਵਾਰ ਨੂੰ ਹੁਣ ਰੋਟੀ ਦਾ ਵੀ ਫ਼ਿਕਰ ਸਤਾ ਰਿਹਾ ਹੈ। ਬੁੱਢੀ ਮਾਂ ਦਾ ਇਕ ਪੁੱਤ ਚਿੱਟੇ ਨੇ ਖਾ ਲਿਆ ਅਤੇ ਦੂਜਾ ਦੁਬਈ ਵਿਚ ਤਾਲਾਬੰਦੀ ਨੇ ਘੇਰ ਰੱਖਿਆ ਹੈ। ਕਿਸਮਤ ਮਾਰੀ ਬਲਵਿੰਦਰ ਕੌਰ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਨੇ ਜਿਹੜੇ ਕਰੋੜਾਂ ਰੁਪਏ ਭੇਜੇ ਸਨ, ਉਹ ਉਨ੍ਹਾਂ ਦੇ ਘਰਾਂ ਤੱਕ ਆਉਣ ਲਈ ਹੋਰ ਕਿੰਨਾ ਸਮਾਂ ਲੈਣਗੇ?