ਰਮਨਦੀਪ ਸਿੰਘ
ਚਾਉਕੇ, 2 ਅਕਤੂਬਰ
ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲ੍ਹੋ ਦੀ ਗਰਾਮ ਪੰਚਾਇਤ ਨੇ ‘ਪਲਾਸਟਿਕ ਲਿਆਓ, ਖੰਡ ਲੈ ਜਾਓ’ ਦਾ ਸੱਦਾ ਦਿੱਤਾ ਹੈ। ਗਰਾਮ ਪੰਚਾਇਤ ਦਾ ਇਹ ਨਵਾਂ ਉੱਦਮ ਹੈ ਤਾਂ ਜੋ ਪਿੰਡ ਨੂੰ ਪਲਾਸਟਿਕ-ਮੁਕਤ ਕਰਵਾਇਆ ਜਾ ਸਕੇ। ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਜੋ ਵਿਅਕਤੀ ਪਲਾਸਟਿਕ ਦਾ ਕਚਰਾ ਦੇਵੇਗਾ ਉਸ ਨੂੰ ਬਦਲੇ ਵਿੱਚ ਮੁਫ਼ਤ ਖੰਡ ਦਿੱਤੀ ਜਾਵੇਗੀ। ਇਸ ਦਾ ਖਰਚਾ ਮਰਹੂਮ ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਚੁੱਕੇਗੀ। ਪਿੰਡ ਬੱਲ੍ਹੋ ’ਚ ਅੱਜ ਗਰਾਮ ਸਭਾ ਦੇ ਆਮ ਇਜਲਾਸ ਵਿੱਚ ਪੰਚਾਇਤ ਨੇ ਲੋਕਾਂ ਅੱਗੇ ਪਿੰਡ ਨੂੰ ਪਲਾਸਟਿਕ ਅਤੇ ਰੂੜੀ ਮੁਕਤ ਬਣਾਉਣ ਲਈ ਨਵਾਂ ਮਾਡਲ ਪੇਸ਼ ਕੀਤਾ। ਇਸ ਮਾਡਲ ਨੂੰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਪਿੰਡ ਬੱਲ੍ਹੋ ਪੰਜਾਬ ਦਾ ਦੂਜਾ ਪਿੰਡ ਹੈ ਜਿੱਥੇ ਅਜਿਹਾ ਮਾਡਲ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਹ ਕਲਾਂ ਦੇ ਸਰਪੰਚ ਮਿੰਟੂ ਨੇ ਇਹ ਲੀਕ ਵਾਹੀ ਸੀ। ਅੱਜ ਆਮ ਇਜਲਾਸ ਮੌਕੇ ਹੀ ਇਸ ਨਵੀਂ ਸਕੀਮ ਦਾ ਮਹੂਰਤ ਕੀਤਾ ਗਿਆ।
ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਪਲਾਸਟਿਕ ਵੱਟੇ ਖੰਡ ਦੇਣ ਦੀ ਜ਼ਿੰਮੇਵਾਰੀ ਸੰਸਥਾ ਦੀ ਹੈ ਅਤੇ ਹਰ ਘਰ ਨੂੰ ਸੁੱਕੇ ਤੇ ਗਿੱਲੇ ਕੂੜੇ ਦੇ ਪ੍ਰਬੰਧਨ ਲਈ ਨੀਲੇ ਤੇ ਹਰੇ ਰੰਗ ਦੇ ਡਸਟਬਿਨ ਦਿੱਤੇ ਜਾਣਗੇ। ਹਰ ਤਿੰਨ ਮਹੀਨਿਆਂ ਮਗਰੋਂ ਇਕ ਦਿਨ ਖੰਡ ਵੰਡੀ ਜਾਏਗੀ। ਪੰਚਾਇਤ ਇਕੱਠੇ ਹੋਏ ਪਲਾਸਟਿਕ ਦੇ ਕਚਰੇ ਨੂੰ ਲੁਧਿਆਣੇ ਦੀ ਫ਼ੈਕਟਰੀ ਵਿਚ ਵੇਚੇਗੀ ਤੇ ਪ੍ਰਾਪਤ ਆਮਦਨ ਨੂੰ ਸਾਫ਼-ਸਫ਼ਾਈ ਦੇ ਪ੍ਰਬੰਧਾਂ ’ਤੇ ਲਾਵੇਗੀ।
ਪਿੰਡਾਂ ਵਿੱਚ ਉਸਾਰੇ ਜਾਣਗੇ ਜਨਤਕ ਪਖਾਨੇ
ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਪਖਾਨੇ ਬਣਾਏ ਜਾਣਗੇ। ਇਸੇ ਦੌਰਾਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਬਲਾਕ ਕੋਆਰਡੀਨੇਟਰ ਹਰਿੰਦਰ ਸਿੰਘ ਅਤੇ ਸੰਦੀਪ ਕੌਰ ਨੇ ਲੋਕਾਂ ਨੂੰ ਸੁੱਕੇ ਤੇ ਗਿੱਲੇ ਕੂੜੇ ਦੀ ਜਾਣਕਾਰੀ ਦਿੱਤੀ। ਆਮ ਇਜਲਾਸ ਦੀ ਮੀਟਿੰਗ ਵਿਚ ਮਤੇ ਪਾਸ ਕੀਤੇ ਗਏ ਕਿ ਕੂੜੇ ਕਰਕਟ ਦੀ ਸਾਂਭ ਸੰਭਾਲ ਲਈ ਵੱਖੋ ਵੱਖਰੇ ਪਿਟ ਉਸਾਰੇ ਜਾਣਗੇ ਅਤੇ ਘਰਾਂ ਵਿੱਚੋਂ ਸੁੱਕਾ ਤੇ ਗਿੱਲਾ ਕੂੜਾ ਇਕੱਠਾ ਕੀਤਾ ਜਾਵੇਗਾ।