ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਜੁਲਾਈ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੂੰ ਵੀ ਕਰੋਨਾਵਾਇਰਸ ਹੋ ਗਿਆ ਹੈ। ਬਾਜਵਾ ਪਹਿਲਾਂ ਤੋਂ ਹੀ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਅੱਜ ਉਨ੍ਹਾਂ ਦੀ ਪਤਨੀ ਅਤੇ ਬੇਟੇ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਜਦੋਂਕਿ ਮੁਹਾਲੀ ਦੇ ਵਿਧਾਇਕ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਪੋਰਟ ਨੈਗੇਟਿਵ ਹੈ। ਬਾਜਵਾ ਦੀ ਪਤਨੀ ਵਿੱਚ ਕਰੋਨਾ ਦੇ ਲੱਛਣ ਪਾਏ ਜਾਣ ਕਾਰਨ ਉਨ੍ਹਾਂ ਨੂੰ ਵੀ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਬੇਟੇ ਨੂੰ ਘਰ ਵਿੱਚ ਇਕਾਂਤਵਾਸ ’ਚ ਰਹਿਣ ਲਈ ਕਿਹਾ ਗਿਆ ਹੈ।
ਫੋਰਟਿਸ ਹਸਪਤਾਲ ਵਿੱਚ ਬਾਜਵਾ ਪਤੀ-ਪਤਨੀ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਂਜ ਬਾਕੀ ਆਈਸੋਲੇਸ਼ਨ ਵਾਰਡਾਂ ਵਿੱਚ ਪੀੜਤ ਮਰੀਜ਼ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਹੁਣ ਤੱਕ ਕਈ ਮਰੀਜ਼ ਗਿਆਨ ਸਾਗਰ ਹਸਪਤਾਲ ਅਤੇ ਇਕਾਂਤਵਾਸ ਕੇਂਦਰਾਂ ਵਿੱਚ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਦਾ ਦੋਸ਼ ਲਗਾ ਚੁੱਕੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਿਪੁਲ ਉੱਜਵਲ ਪਹਿਲਾਂ ਹੀ ਕਰੋਨਾ ਤੋਂ ਪੀੜਤ ਹਨ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਘਰ ਇਕਾਂਤਵਾਸ ਵਿੱਚ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ, ਜੋ ਰੂਪਨਗਰ ਦੇ ਡਿਪਟੀ ਕਮਿਸ਼ਨਰ ਹਨ, ਇਸ ਬਿਮਾਰੀ ਤੋਂ ਪੀੜਤ ਸਨ।
ਪੰਚਾਇਤ ਵਿਭਾਗ ਦੇ 80 ਵਿੱਚੋਂ 48 ਸੈਂਪਲਾਂ ਦੀ ਰਿਪੋਰਟ ਨੈਗੇਟਿਵ
ਐਸਏਐਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਪੰਚਾਇਤ ਵਿਭਾਗ ਦੇ ਕਰੋਨਾ ਪੀੜਤ ਡਾਇਰੈਕਟਰ ਵਿਪੁਲ ਉੱਜਵਲ ਦੇ ਸੰਪਰਕ ਵਿੱਚ ਆਉਣ ਵਾਲੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚੋਂ ਬਹੁਤਿਆਂ ਦੀਆਂ ਕਰੋਨਾ ਰਿਪੋਰਟਾਂ ਨੈਗੇਟਿਵ ਆਈਆਂ ਹਨ। ਸਿਹਤ ਵਿਭਾਗ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ 80 ਦੇ ਕਰੀਬ ਸੈਂਪਲ ਕਰੋਨਾ ਟੈਸਟ ਲਈ ਭੇਜੇ ਸਨ। ਜਾਣਕਾਰੀ ਅਨੁਸਾਰ 48 ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦਕਿ ਬਾਕੀ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਜਿਨ੍ਹਾਂ ਅਧਿਕਾਰੀਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਉਨ੍ਹਾਂ ਵਿੱਚ ਵਿਭਾਗ ਦੀ ਵਿੱਤੀ ਕਮਿਸ਼ਨਰ, ਡਿਪਟੀ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਕਰੋਨਾ ਪੀੜਤ ਡਾਇਰੈਕਟਰ ਦਾ ਦਫ਼ਤਰੀ ਸਟਾਫ਼ ਅਤੇ ਸਿੱਧੇ ਸੰਪਰਕ ਵਾਲੇ ਕਰਮਚਾਰੀ ਸ਼ਾਮਲ ਹਨ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਨੂੰਹ, ਦੋ ਪੋਤਰਿਆਂ, ਕੁੱਕ, ਡਰਾਈਵਰ ਅਤੇ ਪੀਐੱਸਓ ਦੀ ਰਿਪੋਰਟ ਨੈਗੇਟਿਵ ਆਈ ਹੈ।
ਪੰਚਾਇਤ ਮੰਤਰੀ ਦੀ ਹਾਲਤ ਸਥਿਰ
ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੇ ਖੂਨ ਦੀਆਂ ਸਮੁੱਚੀਆਂ ਰਿਪੋਰਟਾਂ ਅੱਜ ਵੀ ਨਾਰਮਲ ਆਈਆਂ। ਬੁਖਾਰ ਤੇ ਹੋਰ ਤਕਲੀਫ਼ਾਂ ਠੀਕ ਹੋਣ ਮਗਰੋਂ ਉਨ੍ਹਾਂ ਨੂੰ ਆਈਸੀਯੂ ਵਿੱਚੋਂ ਪ੍ਰਾਈਵੇਟ ਵਾਰਡ ਵਿੱਚ ਤਬਦੀਲ ਕੀਤਾ ਗਿਆ ਹੈ। ਸ੍ਰੀ ਬਾਜਵਾ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਵਿੱਚੋਂ ਘਰ ਭੇਜੇ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਸਾਥੀਆਂ ਨੇ ਫੋਨ ’ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਪੰਜਾਬ ਦੇ ਰਾਜਪਾਲ ਨੇ ਸੁਨੇਹਾ ਭੇਜ ਕੇ ਸ੍ਰੀ ਬਾਜਵਾ ਦੀ ਸਿਹਤ ਦਾ ਹਾਲ ਜਾਣਿਆ।