ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੂਨ
ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ ਜਾਂ ਰਾਸ਼ਟਰੀ ਜਾਂਚ ਏਜੰਸੀ ਕੋਲ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਹੈ| ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਇਸ ਮਾਮਲੇ ਵਿਚ ਨਾ ਤਾਂ ਮੂਸੇਵਾਲਾ ਦੇ ਕਤਲ ਦਾ ਅੰਦਾਜ਼ਾ ਲਗਾ ਸਕੀ ਅਤੇ ਨਾ ਹੀ ਰੋਕ ਸਕੀ ਹੈ| ਬਾਜਵਾ ਨੇ ਕਿਹਾ ਕਿ ਸਪੈਸ਼ਲ ਫੋਰਸ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਗੈਂਗਸਟਰ ਕੋਲ ਏਕੇ-47 ਅਤੇ ਏ.ਐਨ-94 ਵਰਗੇ ਹਥਿਆਰ ਹਨ| ਨਾ ਹੀ ਸਪੈਸ਼ਲ ਫੋਰਸ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿਚ ਕਟੌਤੀ ਕਰਨ ਮੌਕੇ ਕੋਈ ਇਤਰਾਜ਼ ਕੀਤਾ| ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਕੌਮੀ ਘਾਟਾ ਹੈ, ਜਿਸ ਦੀ ਨਿਰਪੱਖ ਤੇ ਸੁਤੰਤਰ ਜਾਂਚ ਕਰਵਾਏ ਜਾਣ ਦੀ ਲੋੜ ਹੈ|