ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ 28 ਸਤੰਬਰ
ਸ਼ਹੀਦ ਭਗਤ ਸਿੰਘ ਦੇ 123ਵੇਂ ਜਨਮ ਦਿਨ ਮੌਕੇ ਅੱਜ ਇੱਥੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਖੇਤੀ ਬਿਲਾਂ ਖਿਲਾਫ਼ ਜਿੱਤ ਲਈ ਅਰਦਾਸ ਕੀਤੀ। ਸ੍ਰੀ ਬਾਜਵਾ ਨੇ ਆਖਿਆ ਕਿ ਇਸ ਲੜਾਈ ਵਿੱਚ ਸਮੁੱਚੀਆਂ ਸਿਆਸੀ ਧਿਰਾਂ ਨੂੰ ਆਪਸੀ ਮਤਭੇਦ ਇਕ ਪਾਸੇ ਰੱਖ ਕੇ ਕਿਸਾਨ ਹਿਤਾਂ ਲਈ ਇਕਜੁੱਟ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਨੇ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਬਿਲਾਂ ’ਤੇ ਦਸਤਖਤ ਕਰਕੇ ਕਿਸਾਨਾਂ ਦੇ ‘ਡੈੱਥ ਵਾਰੰਟ’ ਉੱਤੇ ਦਸਤਖਤ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ 255 ਸਾਲ ਦੇ ਵਕਫ਼ੇ ਵਿੱਚ ਇਹ ਦੂਜੀ ਵਾਰ ਵੱਡੀ ਗਲਤੀ ਕੀਤੀ ਗਈ ਹੈ ਇਸ ਤੋਂ ਪਹਿਲਾਂ 1765 ਵਿੱਚ ਈਸਟ ਇੰਡੀਆ ਕੰਪਨੀ ਨਾਲ ਸਮਝੌਤਾ ਕਰਕੇ ਟੈਕਸ ਵਸੂਲਣ ਦੇ ਹੱਕ ਦਿੱਤੇ ਗਏ ਸਨ ਅਤੇ ਹੁਣ ਦੂਜੀ ਵਾਰ ਰਾਸ਼ਟਰਪਤੀ ਨੇ ਖੇਤੀ ਬਿਲਾਂ ’ਤੇ ਦਸਤਖ਼ਤ ਕਰਕੇ ਗਲਤੀ ਨੂੰ ਦੁਹਰਾਇਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਆਖਿਆ ਕਿ ਕਿਸਾਨਾਂ ਨੂੰ ਨਿੱਜੀ ਕੰਪਨੀਆਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ।