ਮੁੱਖ ਅੰਸ਼
- ਅੱਜ ਹੋਣਗੀਆਂ ਸਿਆਸੀ ਕਾਨਫਰੰਸਾਂ
- ਦੂਰ ਬਣਾਏ ਗਏ ਆਰਜ਼ੀ ਬੱਸ ਅੱਡਿਆਂ ਕਾਰਨ ਸੰਗਤ ਪ੍ਰੇਸ਼ਾਨ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 13 ਅਪਰੈਲ
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੱਲ੍ਹ ਸ਼ੁਰੂ ਹੋਏ ਚਾਰ ਰੋਜ਼ਾ ਵਿਸਾਖੀ ਮੇਲੇ ਦੇ ਅੱਜ ਦੂਜੇ ਦਿਨ ਵੱਡੀ ਗਿਣਤੀ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤਾ ਅਤੇ ਗੁਰੂਘਰ ਮੱਥਾ ਟੇਕਿਆ। ਧਾਰਮਿਕ ਸਮਾਗਮਾਂ ਦੌਰਾਨ ਜਿੱਥੇ ਸਿੱਖ ਵਿਦਵਾਨਾਂ ਵੱਲੋਂ ਕਥਾ, ਕੀਰਤਨ ਰਾਹੀਂ ਸੰਗਤ ਨੂੰ ਗੁਰ ਇਤਿਹਾਸ ਬਾਰੇ ਚਾਨਣਾ ਪਾਇਆ ਜਾ ਰਿਹਾ ਹੈ, ਉੱਥੇ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਸਿੱਖ ਇਤਿਹਾਸ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਹਨ। ਖ਼ੁਫ਼ੀਆ ਤੰਤਰ ਵੱਲੋਂ ਮਾੜੇ ਅਨਸਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸ਼ਹਿਰ ਦੀਆਂ ਵੱਖ-ਵੱਖ ਦਿਸ਼ਾਵਾਂ ਵਿੱਚ ਬਣਾਏ ਗਏ ਆਰਜ਼ੀ ਬੱਸ ਅੱਡੇ ਤਖ਼ਤ ਸਾਹਿਬ ਤੋਂ ਕਾਫ਼ੀ ਦੂਰ ਹੋਣ ਕਰ ਕੇ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਤੱਕ ਪੁੱਜਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਲਕੇ 14 ਅਪਰੈਲ ਨੂੰ ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਅਕਾਲੀ ਦਲ (ਅ) ਵੱਲੋਂ ਕੀਤੀਆਂ ਜਾਣ ਵਾਲੀਆਂ ਸਿਆਸੀ ਕਾਨਫਰੰਸਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਾਨਫਰੰਸਾਂ ਨੂੰ ਸੰਬੋਧਨ ਕਰਨ ਲਈ ਇਨ੍ਹਾਂ ਪਾਰਟੀਆਂ ਦੇ ਵੱਡੇ ਆਗੂ ਪਹੁੰਚ ਰਹੇ ਹਨ। ਸੱਤਾਧਾਰੀ ਪਾਰਟੀ ‘ਆਪ’ ਅਤੇ ਵਿਰੋਧੀ ਧਿਰ ਕਾਂਗਰਸ ਨੇ ਮੇਲੇ ਮੌਕੇ ਆਪਣੀਆਂ ਕਾਨਫਰੰਸਾਂ ਕਰਨ ਤੋਂ ਪਾਸਾ ਵੱਟਿਆ ਹੋਇਆ ਹੈ। ਇਸ ਦੌਰਾਨ ਤਰਕਸ਼ੀਲ ਸੁਸਾਇਟੀ ਵੱਲੋਂ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਚੰਡੋਲ, ਝੂਲੇ ਅਤੇ ਹੋਰ ਮਨੋਰੰਜਕ ਸਾਧਨ ਮੇਲੀਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਮੇਲੇ ਦੇ ਮੁੱਖ ਸਮਾਗਮ ਭਲਕੇ 14 ਅਪਰੈਲ ਨੂੰ ਹੋਣਗੇ। ਮੇਲੇ ਦੀ ਸਮਾਪਤੀ 15 ਅਪਰੈਲ ਦੀ ਸ਼ਾਮ ਨੂੰ ਬੁੱਢਾ ਦਲ ਦੇ ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢਣ ਨਾਲ ਹੋਵੇਗੀ।
ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਵਧਾਈ
ਅੰਮ੍ਰਿਤਸਰ (ਟਨਸ): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਖਾਲਸਈ ਰਹਿਣੀ ਦੇ ਧਾਰਨੀ ਬਣਨ ਲਈ ਪ੍ਰੇਰਿਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਰਾਹੀਂ ਖਾਲਸਾ ਸਾਜਨਾ ਦਿਵਸ ਦਾ ਇਤਿਹਾਸ ਦੱਸਿਆ ਅਤੇ ਸਿੱਖ ਭਾਈਚਾਰੇ ਨੂੰ ਇਸ ਦੀ ਵਧਾਈ ਦਿੱਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਸਾਜ ਕੇ ਮਨੁੱਖਤਾ ਨੂੰ ਗ਼ੁਲਾਮੀ ਤੋਂ ਮੁਕਤ ਕਰ ਕੇ ਸਵੈਮਾਣ ਨਾਲ ਜਿਉਣ ਦਾ ਰਾਹ ਦਿਖਾਇਆ ਸੀ।