ਲਾਹੌਰ, 14 ਅਪਰੈਲ
ਪਾਕਿਸਤਾਨ ’ਚ ਵਿਸਾਖੀ ਦਾ ਦਿਹਾੜਾ ਮਨਾਉਣ ਗਿਆ ਅੱਠ ਸੌ ਤੋਂ ਵੱਧ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ, ਜਿਸ ਨੂੰ ਇੱਕ ਕੱਟੜਪੰਥੀ ਇਸਲਾਮਕ ਪਾਰਟੀ ਦੇ ਸਮਰਥਕਾਂ ਵੱਲੋਂ ਰਸਤਾ ਬੰਦ ਕੀਤਾ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪਿਆ, ਬੁੱਧਵਾਰ ਨੂੰ ਰਾਵਲਪਿੰਡੀ ਦੇ ਗੁਰਦੁਆਰਾ ਪੰਜਾ ਸਾਹਿਬ ਪਹੁੰਚ ਗਿਆ ਹੈ। ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਸੋਮਵਾਰ ਨੂੰ ਵਾਹਗਾ ਸਰਹੱਦ ਰਾਹੀਂ ਲਾਹੌਰ (ਪਾਕਿਸਤਾਨ) ਪਹੁੰਚਿਆ ਸੀ। ਪਰ ਫਰਾਂਸ ਵਿੱਚ ਪੈਗੰਬਰ ਮੁਹੰਮਦ ਦਾ ਕਾਰਟੂਨ ਪ੍ਰਕਾਸ਼ਿਤ ਕਰਨ ਨੂੰ ਲੈ ਕੇ ਫਰਾਂਸੀ ਸਫ਼ੀਰ ਨੂੰ ਦੇਸ਼ ’ਚੋਂ ਕੱਢਣ ਦੀ ਮੰਗ ਰਹੇ ਤਹਿਰੀਕ-ਏ-ਲਾਬੈਕ ਪਾਕਿਸਤਾਨ (ਟੀਐੱਲਪੀ) ਦੇ ਸਮਰਥਕਾਂ ਵੱਲੋਂ ਰਸਤੇ ਬੰਦ ਕੀਤੇ ਜਾਣ ਕਾਰਨ ਉਨ੍ਹਾਂ ਦੀ ਯਾਤਰਾ ਪ੍ਰਭਾਵਿਤ ਹੋਈ। ਮੰਗਲਵਾਰ ਨੂੰ 25 ਬੱਸਾਂ ਵਿੱਚ ਸਿੱਖ ਯਾਤਰੀਆਂ ਦਾ ਜਥਾ ਪੁਲੀਸ ਅਤੇ ਰੇਜਰਾਂ ਦੀ ਸੁਰੱਖਿਆ ਹੇਠ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਲਈ ਰਾਵਾਨਾ ਹੋਇਆ ਸੀ ਜਿਸ ਨੂੰ ਟੀਐੱਲਪੀ ਵੱਲੋਂ ਰਸਤੇ ਬੰਦ ਕੀਤੇ ਹੋਣ ਪ੍ਰੇਸ਼ਾਨੀ ਝੱਲਣੀ ਪਈ। ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ‘ਟੀਐੱਲਪੀ ਵੱਲੋਂ ਰਸਤੇ ਬੰਦ ਕੀਤੇ ਹੋਣ ਕਾਰਨ ਸਿੱਖ ਯਾਤਰੀ 14 ਘੰਟਿਆਂ ਬਾਅਦ ਬੁੱਧਵਾਰ ਨੂੰ ਤੜਕੇ 4 ਵਜੇ ਹਸਨ ਅਬਦਾਲ ਪਹੁੰਚੇ, ਜਦਕਿ ਇਹ ਦੂਰੀ ਤੈਅ ਕਰਨ ਲਈ ਸਿਰਫ ਤਿੰਨ ਘੰਟੇ ਲੱਗਦੇ ਹਨ।’ ਉਨ੍ਹਾਂ ਦੱਸਿਆ ਕਿ ਸਿੱਖ ਯਾਤਰੀ ਮੁੱਖ ਸਮਾਗਮ ’ਚ ਬੁੱਧਵਾਰ ਨੂੰ ਸ਼ਾਮਲ ਹੋਏ, ਜਿਸ ਵਿੱਚ ਕਈ ਸਥਾਨਕ ਸਿੱਖ ਵੀ ਹਾਜ਼ਰ ਸਨ। -ਪੀਟੀਆਈ