ਪੱਤਰ ਪ੍ਰੇਰਕ
ਸਮਾਣਾ, 10 ਮਾਰਚ
ਸਮਾਣਾ ਸੀਟ ਤੋਂ ‘ਆਪ’ ਉਮੀਦਵਾਰ ਚੇਤਨ ਸਿੰਘ ਜੌੜਾਮਾਜਰਾ ਨੇ ਨਾ ਸਿਰਫ਼ ਹੂੰਝਾਫੇਰ ਜਿੱਤ ਹਾਸਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ 39,713 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ, ਸਗੋਂ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਦੇ ਪੁੱਤਰ ਤੇ ਕਾਂਗਰਸ ਦੇ ਵਿਧਾਇਕ ਰਾਜਿੰਦਰ ਸਿੰਘ, ਪੀਐੱਲਸੀ ਉਮੀਦਵਾਰ ਸੁਰਿੰਦਰ ਸਿੰਘ ਖੇੜਕੀ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਰਛਪਾਲ ਸਿੰਘ ਜੌੜਾਮਾਜਰਾ ਸਣੇ 12 ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਕਰਵਾਈ। ਜੌੜਾਮਾਜਰਾ ਨੂੰ ਕੁੱਲ 1,48,473 ਵਿੱਚੋਂ 74,375 ਵੋਟਾਂ ਪਈਆਂ। ਸ੍ਰੀ ਜੌੜਾਮਾਜਰਾ ਨੂੰ ਪਿੰਡਾਂ ਤੇ ਸਮਾਣਾ ਸ਼ਹਿਰ ਦੋਵੇਂ ਥਾਵਾਂ ਤੋਂ ਵੋਟਰਾਂ ਦਾ ਸਹਿਯੋਗ ਮਿਲਿਆ ਜਦਕਿ ਸਮਾਣਾ ਸ਼ਹਿਰ ’ਚ ਕਾਂਗਰਸ ਦੇ 21 ਵਾਰਡਾਂ ’ਚ ਐੱਮਸੀ ਹੋਣ ਦੇ ਬਾਵਜੂਦ ਸ਼ਹਿਰ ਵਿੱਚੋਂ ਵੀ ਕਾਂਗਰਸ ਪਾਰਟੀ ਚੰਗਾ ਪ੍ਰਦਰਸ਼ਨ ਨਾ ਕਰ ਸਕੀ।