ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 29 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੀਨੀਅਰ ਆਈਏਐੱਸ ਸੰਜੈ ਪੋਪਲੀ ਦੀ ਰੈਗੂਲਰ ਜ਼ਮਾਨਤ ਮੁਹਾਲੀ ਅਦਾਲਤ ਨੇ ਅੱਜ ਰੱਦ ਕਰ ਦਿੱਤੀ ਹੈ। ਸੰਜੈ ਪੋਪਲੀ ਨੇ ਆਪਣੇ ਵਕੀਲ ਰਾਹੀਂ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਰੈਗੂਲਰ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ। ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਵਤਾਰ ਸਿੰਘ ਨੇ ਅਧਿਕਾਰੀ ਦੀ ਜ਼ਮਾਨਤ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਰਕਾਰੀ ਠੇਕੇਦਾਰ ਸੰਜੈ ਕੁਮਾਰ ਵਾਸੀ ਕਰਨਾਲ ਦੀ ਸ਼ਿਕਾਇਤ ’ਤੇ ਸੰਜੈ ਪੋਪਲੀ ਤੇ ਸਹਾਇਕ ਸਕੱਤਰ/ਸੁਪਰਡੈਂਟ ਸੰਦੀਪ ਵਤਸ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕਰਕੇ ਬੀਤੀ 20 ਜੂਨ ਨੂੰ ਵਿਜੀਲੈਂਸ ਨੇ ਆਈਏਐੱਸ ਅਧਿਕਾਰੀ ਤੇ ਉਸ ਦੇ ਸਹਾਇਕ ਸਕੱਤਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਦੋਵੇਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ’ਚ ਹਨ।