ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜੁਲਾਈ
ਬਾਘਾਪੁਰਾਣਾ ਬੰਬ ਧਮਾਕੇ ਦੀ ਪੁਲੀਸ ਨੇ ਗੁੱਥੀ ਸੁਲਝਾ ਲਈ ਹੈ। ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਵਾਸੀ ਕੋਟਕਪੂਰਾ ਰਹਿੰਦੇ ਦੋ ਸਕੇ ਭਰਾਵਾਂ ਸਣੇ ਤਿੰਨੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਤੇ ਐੱਸਪੀ(ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਪਾਰਸਲ ਬੰਬ ਨਹੀਂ ਸੀ।
ਪੁਲੀਸ ਅਨੁਸਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲਾ ਮੁਲਜ਼ਮ ਸੰਦੀਪ ਕੁਮਾਰ ਵਾਸੀ ਕੋਠੇ ਸੈਣੀਆਂ ਹਰੀ ਨੌ ਰੋਡ, ਕੋਟਕਪੂਰਾ ਬਾਘਾਪੁਰਾਣਾ ਵਿੱਚ ਛੋਲੇ-ਕੁਲਚੇ ਦਾ ਕੰਮ ਕਰਦੇ ਰਾਜੂ ਨਾਮ ਦੇ ਦੁਕਾਨਦਾਰ ਕੋਲ 15 ਹਜ਼ਾਰ ਰੁਪਏ ਮਹੀਨਾ ’ਤੇ ਨੌਕਰ ਲੱਗਾ ਸੀ। ਕਰੀਬ ਸਾਲ ਪਹਿਲਾਂ ਮੰਦੀ ਕਾਰਨ ਦੁਕਾਨਦਾਰ ਨੇ ਸੰਦੀਪ ਕੁਮਾਰ ਨੂੰ ਕੰਮ ਤੋਂ ਹਟਾ ਦਿੱਤਾ। ਸੰਦੀਪ ਕੁਮਾਰ ਵੱਖਰੀ ਰੇਹੜੀ ਲਗਾਉਣ ਲੱਗ ਪਿਆ। ਮੁਲਜ਼ਮ ਸੰਦੀਪ ਨੇ ਰੰਜਿਸ਼ ਤਹਿਤ ਦੁਕਾਨਦਾਰ ਰਾਜੂ ਨੂੰ ਬੰਬ ਨਾਲ ਉਡਾਉਣ ਲਈ ਭਰਾ ਮਨੋਜ ਨਾਲ ਮਿਲ ਕੇ ਇੰਟਰਨੈਟ ਤੋਂ ਬੰਬ ਬਣਾਉਣ ਦਾ ਤਰੀਕਾ ਸਿੱਖਿਆ। ਇਸ ਮਗਰੋਂ ਊਸ ਨੇ ਦੋਸਤ ਅਨੂਪ ਕੁਮਾਰ ਨਾਲ ਮਿਲ ਕੇ 30 ਜੂਨ ਨੂੰ ਸਵੇਰੇ ਕਰੀਬ 4 ਵਜੇ ਰਾਜੂ ਦੀ ਦੁਕਾਨ ਅੱਗੇ ਖ਼ੁਦ ਤਿਆਰ ਕੀਤਾ ਇੱਟ-ਨੁਮਾ ਬੰਬ ਰਖਵਾ ਦਿੱਤਾ ਤਾਂ ਜੋ ਦੁਕਾਨ ਖੋਲ੍ਹਣ ਲੱਗਿਆਂ ਧਮਾਕੇ ਕਾਰਨ ਉਸ ਦੀ ਜਾਨ ਚਲੀ ਜਾਵੇ। ਦੁਕਾਨਦਾਰ ਰਾਜੂ ਨੇ ਇੱਟ ਸਮਝ ਕੇ ਪਾਸੇ ਰੱਖ ਦਿੱਤੀ, ਜਿਸ ਉੱਪਰ ਕੁਰੀਅਰ ਵੰਡਣ ਵਾਲਾ ਛੋਟੂ ਰਾਮ ਬੈਠ ਗਿਆ। ਹਿਲਜੁਲ ਨਾਲ ਧਮਾਕਾ ਹੋਇਆ ਤੇ ਉਹ ਜ਼ਖ਼ਮੀ ਹੋ ਗਿਆ।
ਮਕਾਨ ਵਿੱੱਚੋਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਮਿਲੀਆਂ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਮਹਿਲ ਮੁਬਾਰਕ ਕਲੋਨੀ ’ਚ ਸਥਿਤ ਮਕਾਨ ਦੇ ਅੰਦਰੋਂ ਬਜ਼ੁਰਗ ਜੋੜੇ ਪ੍ਰੀਤਮ ਸਿੰਘ (85) ਤੇ ਸੁਰਜੀਤ ਕੌਰ (82) ਦੀਆਂ ਲਾਸ਼ਾਂ ਮਿਲੀਆਂ ਹਨ। ਬਜ਼ੁਰਗ ਜੋੜਾ ਘਰ ਵਿੱਚ ਇਕੱਲਾ ਰਹਿੰਦਾ ਸੀ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।