ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜੁਲਾਈ
ਬਾਘਾਪੁਰਾਣਾ ਬੰਬ ਧਮਾਕੇ ਦੀ ਪੁਲੀਸ ਨੇ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਕੋਟਕਪੂਰਾ ਰਹਿੰਦੇ ਦੋ ਸਕੇ ਭਰਾਵਾਂ ਸਣੇ ਤਿੰਨੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਛੋਲੇ ਕੁਲਚੇ ਕਾਰੋਬਾਰੀ ਨੂੰ ਹਟਾਏ ਨੌਕਰ ਨੇ ਬੰਬ ਨਾਲ ਉਡਾਉਣ ਲਈ ਸਾਜ਼ਿਸ਼ ਰਚੀ ਸੀ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਅਤੇ ਐੱਸਪੀ(ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਇਹ ਪਾਰਸਲ ਬੰਬ ਨਹੀਂ ਸੀ। ਇਸ ਮੌਕੋ ਡੀਐੱਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ, ਡੀਐੱਸਪੀ ਰਮਨਦੀਪ ਸਿੰਘ ਭੁੱਲਰ, ਡੀਐੱਸਪੀ ਲਖਵਿੰਦਰ ਸਿੰਘ, ਡੀਐੱਸਪੀ(ਡੀ)ਜੰਗਜੀਤ ਸਿੰਘ ਰੰਧਾਵਾ, ਇੰਸਪੈਕਟਰ ਕਿੱਕਰ ਸਿੰਘ ਭੁੱਲਰ ਅਤੇ ਇੰਸਪੈਕਟਰ ਤਰਲੋਚਨ ਸਿੰਘ ਮੌਜੂਦ ਸਨ। ਇਸ ਮਾਮਲੇ ਦੀ ਤਕਨੀਕੀ ਢੰਗਾਂ ਨਾਲ ਜਾਂਚ ਕੀਤੀ ਗਈ ਅਤੇ ਮੁਲਜ਼ਮਾਂ ਦੀ ਪਛਾਣ ਸੀਸੀਟੀਵੀ ਕੈਮਰੇ ਤੋਂ ਹੋਈ।
ਮੂਲ ਰੂਪ ’ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੰਦੀਪ ਕੁਮਾਰ ਵਾਸੀ ਕੋਠੇ ਸੈਣੀਆਂ ਹਰੀ ਨੌ ਰੋਡ ਕੋਟਕਪੂਰਾ ਬਾਘਾਪੁਰਾਣਾ ਵਿਖੇ ਛੋਲੇ ਕੁਲਚੇ ਦਾ ਕੰਮ ਕਰਦੇ ਰਾਜੂ ਦੁਕਾਨਦਾਰ ਕੋਲ 15 ਹਜ਼ਾਰ ਮਹੀਨਾਂ ਉੱਤੇ ਨੌਕਰ ਲੱਗਾ ਸੀ। ਕਰੀਬ ਸਾਲ ਪਹਿਲਾਂ ਕੰਮ ’ਚ ਮੰਦੀ ਕਾਰਨ ਦੁਕਾਨਦਾਰ ਨੇ ਸੰਦੀਪ ਕੁਮਾਰ ਨੂੰ ਹਟਾਕੇ ਆਪਣੇ ਭਰਾ ਅਜੈ ਨੂੰ ਰੱਖ ਲਿਆ। ਸੰਦੀਪ ਕੁਮਾਰ ਆਪਣੀ ਵੱਖਰੀ ਰੇਹੜੀ ਲਗਾਉਣ ਲੱਗਿਆ। ਦੁਕਾਨਦਾਰ ਰਾਜੂ ਨੇ ਮੁਲਜ਼ਮ ਦੇ ਕੰਮ ਨੂੰ ਕਥਿਤ ਢਾਹ ਲਗਾਉਣ ਲਈ ਉਸ ਦੇ ਬਰਾਬਰ ਹੋਰ ਕੁਲਚਿਆਂ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ। ਸੰਦੀਪ ਨੇ ਇਸ ਰੰਜਿਸ਼ ਤਹਿਤ ਦੁਕਾਨਦਾਰ ਰਾਜੂ ਨੂੰ ਬੰਬ ਨਾਲ ਉਡਾਉਣ ਲਈ ਆਪਣੇ ਭਰਾ ਮਨੋਜ ਨਾਲ ਮਿਲ ਕੇ ਇੰਟਰਨੈਟ ਤੋਂ ਬੰਬ ਬਣਾਉਣ ਦਾ ਤਰੀਕਾ ਸਿੱਖ ਲਿਆ। ਬਾਘਾਪੁਰਾਣਾ ਦੀ ਪਨਸਾਰੀ ਦੁਕਾਨ ਤੋਂ ਸਾਮਾਨ ਖਰੀਦ ਕੇ ਬੰਬ ਤਿਆਰ ਕੀਤਾ। ਇਸ ਮਗਰੋਂ ਦੋਸਤ ਅਨੂਪ ਕੁਮਾਰ ਨਾਲ 30 ਜੂਨ ਨੂੰ ਸਵੇਰੇ ਕਰੀਬ 4 ਵਜੇ ਰਾਜੂ ਦੀ ਦੁਕਾਨ ਅੱਗੇ ਰੱਖਵਾ ਦਿੱਤਾ ਤਾਂ ਜੋ ਉਹ ਦੁਕਾਨ ਖੋਲ੍ਹਣ ਲਈ ਇੱਟ ਬੰਬ ਨੂੰ ਚੁੱਕੇਗਾ ਤਾਂ ਬਲਾਸਟ ਹੋ ਜਾਵੇਗਾ। ਦੁਕਾਨਦਾਰ ਰਾਜੂ ਨੇ ਇੱਟ ਸਮਝ ਕੇ ਚੁੱਕ ਕੇ ਪਾਸੇ ਰੱਖ ਦਿੱਤੀ। ਜਿਸ ਉੱਪਰ ਕੁਰੀਅਰ ਵੰਡਣ ਵਾਲਾ ਛੋਟੂ ਰਾਮ ਕੁੱਝ ਸਮੇਂ ਲਈ ਅਰਾਮ ਕਰਨ ਲਈ ਬੈਠਾ ਸੀ ਅਤੇ ਹਿਲਜੁਲ ਨਾਲ ਬਲਾਸਟ ਹੋ ਗਿਆ।ਇਸ ਮਾਮਲੇ ਦੀ ਕੌਮੀ ਜਾਂਚ ਏਜੰਸੀਆਂ ਐੱਨਐੱਸਜੀ, ਐੱਨਆਈਏ ਤੋਂ ਇਲਾਵਾ ਬੰਬ ਨਿਰੋਧਕ ਟੀਮਾਂ ਅਤੇ ਫੋਰੈਂਸਿਕ ਮਾਹਿਰਾਂ ਨੇ ਵੀ ਨਮੂਨੇ ਹਾਸਲ ਕੀਤੇ ਸਨ।