ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ
ਸੀਆਈਏ ਸਟਾਫ ਬਾਘਾ ਪੁਰਾਣਾ ਵੱਲੋਂ ਨਕਲੀ ਭਾਰਤੀ ਕਰੰਸੀ ਛਾਪਣ ਦਾ ਪਰਦਾਫ਼ਾਸ ਕਰਕੇ ਨੋਟ ਛਾਪਣ ਵਾਲੀ ਮਸ਼ੀਨ ਅਤੇ 50 ਹਜ਼ਾਰ ਦੀ ਨਕਲੀ ਕਰੰਸੀ ਸਣੇ ਮੁਲਜ਼ਮ ਨੂੰ ਗਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਅਤੇ ਐੱਸਪੀ (ਆਈ) ਜਗਤਪ੍ਰੀਤ ਸਿੰਘ, ਡੀਐੱਸਪੀ (ਆਈ) ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸੀਆਈਏ ਸਟਾਫ਼ ਬਾਘਾਪੁਰਾਣਾ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਲਖਵੀਰ ਸਿੰਘ ਪਿੰਡ ਹਰੀਏ ਵਾਲਾ ਜ਼ਿਲ੍ਹਾ ਮੋਗਾ ਨੂੰ 2-2 ਹਜ਼ਾਰ ਦੇ 25 ਨੋਟਾਂ ਦੀ ਨਕਲੀ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਮੁਲਜ਼ਮ ਦੀ ਆਪਣੇ ਘਰ ਪਿੰਡ ਹਰੀਏਵਾਲਾ ਵਿਖੇ ਪ੍ਰਿੰਟਿੰਗ ਪ੍ਰੈੱਸ ਹੈ ਅਤੇ ਇਹ ਨਕਲੀ ਕਰੰਸੀ ਛਾਪ ਕੇ ਆਪਣੇ ਹੀ ਪਿੰਡ ਦੇ ਅਮਰੀਕ ਸਿੰਘ ਅਤੇ ਗੁਰਚਰਨ ਸਿੰਘ ਪਿੰਡ ਰਾਜੇਆਣਾ ਹਾਲ ਆਬਾਦ ਸਾਹਕੋਟ ਨਾਲ ਰਲ ਕੇ ਇਹ ਨਕਲੀ ਕਰੰਸੀ ਬਜ਼ਾਰ ਵਿੱਚ ਖਰੀਦਦਾਰੀ ਸਮੇਂ ਚਲਾਉਂਦੇ ਸਨ। ਪੁਲੀਸ ਇਨ੍ਹਾਂ ਦੋਵਾਂ ਮੁਲਜ਼ਮਾਂ ਅਮਰੀਕ ਸਿੰਘ ਤੇ ਗੁਰਚਰਨ ਸਿੰਘ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਕਰ ਰਹੀ ਹੈ।