ਯਸ਼ ਚਟਾਨੀ
ਬਾਘਾ ਪੁਰਾਣਾ, 10 ਫਰਵਰੀ
ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੀ ਦਿੱਖ ਬਦਲਣ ਲਈ ਇੱਥੋਂ ਚੁਣੇ ਜਾਂਦੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਭਾਵੇਂ ਆਪਣੇ ਵੱਲੋਂ ਪੂਰਾ ਤਾਣ ਲਾਉਣ ਦੀ ਰਟ ਲਾਉਂਦੇ ਰਹੇ ਪਰ ਦਾਅਵਿਆਂ ਅਨੁਸਾਰ ਕਿਸੇ ਤੋਂ ਅੱਧੇ ਵਾਅਦੇ ਵੀ ਪੂਰੇ ਨਾ ਹੋ ਸਕੇ। ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਟਰੈਫਿਕ ਜਾਮ ਤੇ ਲਾਵਾਰਸ ਪਸ਼ੂਆਂ ਦੀ ਭਰਮਾਰ ਇਲਾਕੇ ਦੀਆਂ ਪ੍ਰਮੁੱਖ ਸਮੱਸਿਆਵਾਂ ਹਨ।
ਕਰੀਬ ਸਵਾ ਲੱਖ ਵੋਟਾਂ ਵਾਲੇ ਇਸ ਹਲਕੇ ਵਿੱਚ ਸਿਰਫ਼ ਇੱਕੋ-ਇੱਕ ਸ਼ਹਿਰ ਬਾਘਾ ਪੁਰਾਣਾ ਹੀ ਪੈਂਦਾ ਹੈ, ਜਿਸ ਦੀ ਵੋਟ 26,908 ਹੈ, ਜਦ ਕਿ ਬਾਕੀ ਸਾਰੀ ਵੋਟ ਪਿੰਡਾਂ ਵਿੱਚ ਹੀ ਹੈ। ਜਦ ਫ਼ਰੀਦਕੋਟ ਲੋਕ ਸਭਾ ਹਲਕਾ ਜਨਰਲ ਸੀ ਤਾਂ ਇੱਥੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਚੋਣ ਲੜੇ। ਉਸ ਵੇਲੇ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਣ ਕਰ ਕੇ ਅਤੇ ਇਥੋਂ ਦੇ ਅਕਾਲੀ ਵਿਧਾਇਕ ਸਾਧੂ ਸਿੰਘ ਰਾਜੇਆਣਾ ਸਦਕਾ ਇੱਥੇ ਅਨਾਜ ਮੰਡੀ, ਤਹਿਸੀਲ, ਮਿਨੀ ਸਕੱਤਰੇਤ, ਹਸਪਤਾਲ, ਚੌਕ ਅਤੇ ਵੱਡਾ ਪਸ਼ੂ ਹਸਪਤਾਲ ਬਣ ਗਿਆ ਪਰ ਲੋਕਾਂ ਦੀਆਂ ਕਈ ਮੰਗਾਂ ਅਤੇ ਸਮੱਸਿਆਵਾਂ ਲਟਕਦੀਆਂ ਹੀ ਰਹਿ ਗਈਆਂ ਸਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇੱਥੋਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿਚਕਾਰ ਤਿਕੋਣਾ ਮੁਕਾਬਲਾ ਹੋਇਆ, ਜਿਸ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਜੇਤੂ ਰਹੇ।
ਪੰਜਾਬ ਅੰਦਰ ਵੱਡੇ ਬਹੁਮਤ ਨਾਲ ਬਣੀ ਕਾਂਗਰਸ ਸਰਕਾਰ ਸਦਕਾ ਹਲਕੇ ਦੇ ਲੋਕਾਂ ਦੀਆਂ ਵਿਕਾਸ ਸਬੰਧੀ ਉਮੀਦਾਂ ਕਾਫ਼ੀ ਹੱਦ ਤਕ ਪੂਰੀਆਂ ਹੋਈਆਂ ਪਰ ਬਾਈਪਾਸ, ਸਟੇਡੀਅਮ, ਪਾਰਕ, ਪਾਰਕਿੰਗ ਅਤੇ ਨਰਸਿੰਗ ਕਾਲਜ ਮੁੜ ਵਾਅਦਿਆਂ ਤੱਕ ਸੀਮਿਤ ਹੋ ਕੇ ਰਹਿ ਗਏ। ਹਲਕਾ ਵਾਸੀਆਂ ਅਨੁਸਾਰ ਅਜਿਹੇ ਸਾਰੇ ਕਾਰਜ ਹੋਣੇ ਅਤਿ ਜ਼ਰੂਰੀ ਸਨ, ਜਿਨ੍ਹਾਂ ਵਿੱਚੋਂ ਪਹਿਲ ਦੇ ਆਧਾਰ ’ਤੇ ਬਾਈਪਾਸ ਬਣਨਾ ਬੇਹੱਦ ਜ਼ਰੂਰੀ ਸੀ ਕਿਉਂਕਿ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਸਭ ਤੋਂ ਗੰਭੀਰ ਹੈ। ਪਾਰਕਿੰਗ ਵੀ ਇਸੇ ਹੀ ਸਮੱਸਿਆ ਨਾਲ ਜੁੜੀ ਹੋਈ ਹੈ।
ਸ਼ਹਿਰ ਅੰਦਰ ਡੇਢ ਦਹਾਕਾ ਪਹਿਲਾਂ ਲਾਈਆਂ ਗਈਆਂ ਟਰੈਫਿਕ ਲਾਈਟਾਂ ਮਹਿਜ਼ ਡੇਢ ਮਹੀਨਾ ਵੀ ਨਹੀਂ ਚੱਲ ਸਕੀਆਂ। ਭਾਵੇਂ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵਿਕਾਸ ਦੀਆਂ ਹਨ੍ਹੇਰੀਆਂ ਲਿਆਉਣ ਦੀ ਗੱਲ ਆਖੀ ਸੀ ਪਰ ਲੋਕ ਕਹਿੰਦੇ ਹਨ ਕਿ ਵਿਧਾਇਕ ਦੇ ਵਾਅਦੇ ਵੀ ਹਨ੍ਹੇਰੀ ਹੋ ਗਏ ਹਨ। ਇਸ ਦੇ ਬਾਵਜੂਦ ਵਿਧਾਇਕ ਹਿੱਕ ਥਾਪੜ ਕੇ ਦਾਅਵੇ ਕਰਦੇ ਹਨ ਕਿ ਉਨ੍ਹਾਂ ਨੇ ਕਰੋੜਾਂ ਰੁਪਏ ਦੀ ਗ੍ਰਾਂਟ ਵਿਕਾਸ ਵਾਸਤੇ ਖਰਚ ਕੀਤੀ ਹੈ।
ਇੱਥੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਗੁਰਬਿੰਦਰ ਸਿੰਘ ਕੰਗ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ, ਵੱਲੋਂ ਹਲਕੇ ਵਾਸੀਆਂ ਨਾਲ ਰਾਬਤਾ ਨਾ ਰੱਖਣ ਕਰ ਕੇ ਇੱਥੋਂ ਪਾਰਟੀ ਨੇ ਅੰਮ੍ਰਿਤਪਾਲ ਸੁਖਾਨੰਦ ਨੂੰ ਇੰਚਾਰਜ ਥਾਪਿਆ ਅਤੇ ਉਹ ਇਸ ਵਾਰ ਇਥੋਂ ‘ਆਪ’ ਦੇ ਉਮੀਦਵਾਰ ਵੀ ਹਨ।
ਅੰਮ੍ਰਿਤਪਾਲ ਸੁਖਾਨੰਦ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਨੇ ਵਾਅਦਿਆਂ ਅਨੁਸਾਰ ਸੇਰ ਵਿੱਚੋਂ ਪੂਣੀ ਵੀ ਨਾ ਕੱਤੀ, ਜਿਸ ਕਰਕੇ ਲੋਕ ਵਿਧਾਇਕ ਅਤੇ ਕਾਂਗਰਸ ਪਾਰਟੀ ਨੂੰ ਪਾਣੀ ਪੀ-ਪੀ ਕੇ ਕੋਸ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਕਾਂਗਰਸ ਨੇ ਝੂਠੇ ਵਾਅਦਿਆਂ ਦੇ ਸਹਾਰੇ ਚੋਣ ਤਾਂ ਜਿੱਤੀ ਪਰ ਕਿਸੇ ਇਕ ਵੀ ਵਾਅਦੇ ’ਤੇ ਖਰਾ ਨਹੀਂ ਉਤਰ ਸਕੀ। ਇਹੀ ਕਾਰਨ ਹੈ ਕਿ ਹਲਕੇ ਦੇ ਲੋਕਾਂ ਮੂਹਰੇ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ।