ਨਿੱਜੀ ਪੱਤਰ ਪ੍ਰੇਰਕ
ਮੋਗਾ, 16 ਮਈ
ਜ਼ਿਲ੍ਹਾ ਮੋਗਾ ਦੇ ਬੱਧਨੀ ਕਲਾਂ ਪਿੰਡ ਦੇ ਨੌਜਵਾਨ ਨਵਕਿਰਨ ਸਿੰਘ (20) ਦੀ ਬੀਤੇ ਦਿਨ ਕੈਨੇਡਾ ਦੇ ਓਂਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿੱਚ ਐਲਡਰੇਡੋ ਪਾਰਕ ਦੀ ਕ੍ਰੈਡਿਟ ਵੈਲੀ ਨਦੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਨਵਕਿਰਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਇਹ ਖ਼ਬਰ ਮਿਲੀ। ਉਨ੍ਹਾਂ ਦੱਸਿਆ ਕਿ ਨਵਕਿਰਨ ਪਿੰਡ ਮੱਦੋਕੇ ਤੋਂ ਦਸਵੀਂ ਤੇ ਬਿਲਾਸਪੁਰ ਦੇ ਸਕੂਲ ਤੋਂ ਬਾਰ੍ਹਵੀਂ ਕਰਨ ਮਗਰੋਂ 3 ਸਤੰਬਰ 2021 ਨੂੰ ਪੜ੍ਹਾਈ ਲਈ ਬਰੈਂਪਟਨ ਗਿਆ ਸੀ। ਨਵਕਿਰਨ ਆਪਣੇ ਦੋਸਤਾਂ ਨਾਲ ਏਲਡਰੇਡੋ ਪਾਰਕ ਸਥਿਤ ਕ੍ਰੈਡਿਟ ਵੈਲੀ ਨਦੀ ਵਿੱਚ ਨਹਾਉਣ ਲਈ ਗਿਆ ਸੀ, ਜਿਸ ਦੌਰਾਨ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਨਵਕਿਰਨ ਦੀ ਲਾਸ਼ ਸਟੀਲਜ਼ ਕ੍ਰੈਡਿਟ ਵਿਊ ਲਾਗੇ ਐਲਡਰੇਡੋ ਪਾਰਕ ’ਚੋਂ ਬਰਾਮਦ ਹੋਈ ਹੈ। ਕੈਨੇਡਾ ਦੀ ਪੀਲ ਪੁਲੀਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।