ਜਸਵੰਤ ਜੱਸ/ਟ੍ਰਿਬਿਊਨ ਨਿਊਜ਼ ਸਰਵਿਸ
ਫ਼ਰੀਦਕੋਟ/ਕੋਟਕਪੂਰਾ, 30 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਫੇਰੀ ਦੌਰਾਨ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਧਰਨੇ ’ਤੇ ਬੈਠੀ ਸੰਗਤ ’ਤੇ ਕੋਟਕਪੂਰਾ ਅਤੇ ਬਹਬਿਲ ਵਿੱਚ ਚਲਾਈਆਂ ਗਈਆਂ ਗੋਲੀਆਂ ਦਾ ਦਰਦ ਉਨ੍ਹਾਂ ਦੇ ਸੀਨੇ ਵਿੱਚ ਵੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੋਟਕਪੂਰਾ, ਬਹਬਿਲ ਤੇ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਬਾਦਲ ਸਰਕਾਰ ਦਾ ਹੱਥ ਸੀ ਅਤੇ ਇਸ ਦਾ ਖਮਿਆਜ਼ਾ ਬਾਦਲਾਂ ਨੂੰ ਭੁਗਤਣਾ ਵੀ ਪਵੇਗਾ। ਉਨ੍ਹਾਂ ਕਿਹਾ ਕਿ ਉਹ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਆਪਣਾ ਰਾਜ ਧਰਮ ਨਿਭਾਉਣਗੇ।
ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਸਤਾ ਪੈਟਰੋਲ, ਬਿਜਲੀ ਅਤੇ ਪਾਣੀ ਦੇ ਕੇ ਸਰਕਾਰ ਨੇ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫ਼ੈਸਲਿਆਂ ਦਾ ਲੋਕਾਂ ਨੂੰ ਸਿੱਧਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਵਿਕਾਸ ਲਈ ਗਰਾਂਟਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਇਸ ਮੌਕੇ ਜੈਤੋ ਅਤੇ ਕੋਟਕਪੂਰਾ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਲਈ ਪੰਦਰਾਂ-ਪੰਦਰਾਂ ਕਰੋੜ ਰੁਪਏ ਜਾਰੀ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹ ਝੂਠੀਆਂ ਗਾਰੰਟੀਆਂ ਦੇ ਕੇ ਵੋਟਾਂ ਹਾਸਲ ਕਰਨ ਦੀ ਤਾਕ ਵਿੱਚ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗ਼ੈਰਕਾਨੂੰਨੀ ਬੱਸਾਂ ਬੰਦ ਹੋਣ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਡੇਢ ਕਰੋੜ ਰੁਪਏ ਦਾ ਰੋਜ਼ਾਨਾ ਫ਼ਾਇਦਾ ਹੋਇਆ ਹੈ। ਮਾਰਕਫੈੱਡ ਦੇ ਸੂਬਾਈ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਦੁਬਾਰਾ ਸੇਵਾ ਦਾ ਮੌਕਾ ਦਿੱਤਾ ਤਾਂ ਉਹ ਇਲਾਕੇ ਵਿੱਚ ਮਾਰਕਫੈੱਡ ਦੀ ਵੱਡੀ ਇੰਡਸਟਰੀ ਲੈ ਕੇ ਆਉਣਗੇ। ਇਸ ਰੈਲੀ ਨੂੰ ਫ਼ਰੀਦਕੋਟ ਦੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਭਾਈ ਕੁੱਕੂ ਕਰਨ ਬਰਾੜ, ਸਾਬਕਾ ਜੇਲ੍ਹ ਮੰਤਰੀ ਉਪਿੰਦਰ ਸ਼ਰਮਾ, ਕਾਂਗਰਸ ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ ਸੰਧੂ, ਯੂਥ ਕਾਂਗਰਸ ਦੇ ਆਗੂ ਬਲਕਰਨ ਸਿੰਘ ਨੰਗਲ, ਦਰਸ਼ਨ ਸਿੰਘ ਢਿਲਵਾਂ ਤੇ ਭਾਈ ਰਾਹੁਲ ਸਿੱਧੂ ਨੇ ਵੀ ਸੰਬੋਧਨ ਕੀਤਾ।
ਵੱਖ-ਵੱਖ ਜਥੇਬੰਦੀਆਂ ਵੱਲੋਂ ਚੰਨੀ ਵਿਰੁੱਧ ਰੋਸ ਪ੍ਰਦਰਸ਼ਨ
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਪੁਲੀਸ ’ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਭਰਤੀ ’ਚ ਹੋਈ ਕਥਿਤ ਘਪਲੇਬਾਜ਼ੀ ਦੇ ਵਿਰੋਧ ਵਿੱਚ ਅੱਜ ਨੌਜਵਾਨਾਂ ਨੇ ਤਿੰਨਕੋਣੀ ਸੜਕ ’ਤੇ ਮੋਗਾ-ਬਠਿੰਡਾ ਮਾਰਗ ਮੁਕੰਮਲ ਜਾਮ ਕਰ ਦਿੱਤਾ। ਧਰਨੇ ’ਤੇ ਬੈਠੇ ਇਨ੍ਹਾਂ ਨੌਜਵਾਨਾਂ ਨੇ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਵਿਰੁੱਧ ਤਿੱਖੀ ਨਾਅਰੇਬਾਜ਼ੀ ਕਰਦਿਆਂ ਪੰਜਾਬ ਪੁਲੀਸ ਦੀ ਭਰਤੀ ਵਿੱਚ ਓਪਨ ਟਰਾਇਲ ਕਰਵਾਉਣ ਦੀ ਮੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਤਿੰਨ ਵਜੇ ਵੱਡੀ ਗਿਣਤੀ ਨੌਜਵਾਨ ਤਿੰਨਕੋਣੀ ਸੜਕ ’ਤੇ ਬੈਠ ਗਏ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਉਨ੍ਹਾਂ ਦੀ ਗੱਲ ਸੁਣੇ ਬਗੈਰ ਚਲੇ ਗਏ, ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਸੀ ਕਿ ਉਨ੍ਹਾਂ ਦੀ ਗੱਲ ਮੁੱਖ ਮੰਤਰੀ ਨਾਲ ਕਰਵਾਈ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੀਟਿੰਗ ਲਈ ਲੈ ਕੇ ਗਏ ਨੌਜਵਾਨਾਂ ਨੂੰ ਅਨਾਜ ਮੰਡੀ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਤਾੜ ਦਿੱਤਾ ਗਿਆ।ਇਸ ਦੇ ਨਾਲ ਹੀ ਆਂਗਣਵਾੜੀ ਵਰਕਰਾਂ ਵੱਲੋਂ ਗੁਰਮੀਤ ਕੌਰ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਇਸ ਮਗਰੋਂ ਸੰਗੀਤ ਅਧਿਆਪਕ ਯੂਨੀਅਨ ਪੰਜਾਬ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਅੱਗੇ ਮੰਗ ਰੱਖਣਾ ਚਾਹੁੰਦੇ ਸਨ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੰਗੀਤ ਦੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਫਤਿਹ ਮਾਸਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਦੀ ਗਿਣਤੀ ਵਿੱਚ ਕਿਸਾਨ ਜਦੋਂ ਰੈਲੀ ਵਾਲੇ ਥਾਂ ’ਤੇ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਤੋਂ ਪਹਿਲਾਂ ‘ਆਪ’ ਵੱਲੋਂ ਆਪਣੇ 29 ਸਵਾਲਾਂ ਸਬੰਧੀ ਬੱਤੀਆਂ ਵਾਲੇ ਚੌਕ ਵਿੱਚ ਪ੍ਰਦਰਸ਼ਨ ਕੀਤਾ ਗਿਆ।