ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਦਸੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸੱਤਾ ਵਿੱਚੋਂ ਬਾਹਰ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਥ ਅਤੇ ਪੰਜਾਬ ਨਾਲ ਮੋਹ ਜਾਗਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਮੁੜ ਇੱਕ ਵਾਰ ਫਿਰ ਪੰਥ, ਪੰਜਾਬ, ਸੰਘੀ ਢਾਂਚਾ ਤੇ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਨਾਂ ’ਤੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਯਾਦ ਆ ਗਿਆ ਹੈ। ਸ੍ਰੀ ਮਾਨ ਨੇ ਕਿਹਾ ਕਿ 25 ਸਾਲ ਪਹਿਲਾਂ ਮੋਗਾ ’ਚ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਵਿਰਾਸਤ ਨੂੰ ਤਿਲਾਂਜਲੀ ਦੇ ਕੇ ਸਿਧਾਂਤਕ ਅਤੇ ਵਿਹਾਰਿਕ ਤੌਰ ’ਤੇ ਭਾਜਪਾ ਨਾਲ ਰਲ ਗਿਆ ਸੀ। ਸੱਤਾ ਦੇ ਇਸ ਲੰਬੇ ਸਫ਼ਰ ਦੌਰਾਨ ਬਾਦਲਾਂ ਨੇ ਪੰਥ ਅਤੇ ਪੰਜਾਬ ਦਾ ਰੱਜ ਕੇ ਘਾਣ ਕੀਤਾ। ਇਹ ਸਿਲਸਿਲਾ ਅਜੇ ਹੋਰ ਜਾਰੀ ਰਹਿਣਾ ਸੀ, ਪ੍ਰੰਤੂ ਕਿਸਾਨੀ ਅੰਦੋਲਨ ਦੇ ਦਬਾਅ ਕਾਰਨ ਬਾਦਲਾਂ ਨੂੰ ਭਾਜਪਾ ਦਾ ਸਾਥ ਛੱਡਣਾ ਪਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਲਈ ਉਸੇ ਮੋਗੇ ਦੀ ਧਰਤੀ ਤੋਂ ਫਿਰ ਪੰਥ ਤੇ ਪੰਜਾਬ ਦੀ ਦੁਹਾਈ ਦੇਣ ਲੱਗਾ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਣ ਲਈ ਖੇਡੀ ਜਾ ਰਹੀ ਚਾਲ ਤੋਂ ਸਮੁੱਚੇ ਪੰਥ ਅਤੇ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ।
ਸੰਸਦ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਬੋਧਿਤ ਕੀਤੇ ਜਾਣ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ‘ਆਪ’ ਆਗੂ ਨੇ ਕਿਹਾ ਕਿ ਪੰਥ ਅਤੇ ਪੰਜਾਬ ’ਚ ਬਾਦਲ ਦਲ ਲਈ ਕੋਈ ਜਗ੍ਹਾ ਨਹੀਂ ਬਚੀ ਹੈ। ਇਨ੍ਹਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਬਹੁਭਾਂਤੀ ਮਾਫ਼ੀਆ ਵਰਗੇ ਪੱਕੇ ਦਾਗ਼ ਲੱਗ ਚੁੱਕੇ ਹਨ, ਜਿਨ੍ਹਾਂ ਨੂੰ ਮਿਟਾਉਣ ਲਈ ਬਾਦਲ ਐਂਡ ਕੰਪਨੀ ਨੂੰ ਕਈ ਪੁਸ਼ਤਾਂ ਤੱਕ ਪਸ਼ਚਾਤਾਪ ਕਰਨਾ ਪਵੇਗਾ।