ਸ਼ਗਨ ਕਟਾਰੀਆ
ਬਠਿੰਡਾ, 26 ਜੂਨ
ਕੇਂਦਰ ਸਰਕਾਰ ਦੇ ਖੇਤੀ ਨਾਲ ਸਬੰਧਿਤ ਤਾਜ਼ਾ ਆਰਡੀਨੈਂਸ ਨੂੰ ਮਰਕਜ਼ੀ ਬਿੰਦੂ ਬਣਾ ਕੇ ਆਮ ਆਦਮੀ ਪਾਰਟੀ ਪੰਜਾਬ (ਆਪ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਤਿੱਖੇ ਸ਼ਬਦਾਂ ਨਾਲ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੰਘੀ ਢਾਂਚੇ ਦੇ ਮੁੱਦਈ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਨੇ ਹੁਣ ਕੇਂਦਰੀ ਵਜ਼ਾਰਤ ਵਿਚਲੀ ਇੱਕ ਕੁਰਸੀ ਤੱਕ ਸੀਮਤ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਹਿੱਤਾਂ ਨਾਲ ਹੋ ਰਹੇ ਵਿਸ਼ਵਾਸਘਾਤ ਵਿਰੁੱਧ 29 ਜੂਨ ਨੂੰ ਪੰਜਾਬ ਦੇ ਸਮੁੱਚੇ ਅਸੈਂਬਲੀ ਹਲਕਿਆਂ ’ਚ ‘ਆਪ’ ਵੱਲੋਂ ਸੁਖਬੀਰ ਬਾਦਲ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸੰਸਦ ਮੈਂਬਰ ਨੇ ਵਿਅੰਗ ਕੀਤਾ, ‘ਹਰਸਿਮਰਤ ਦੀ ਕੁਰਸੀ ਬਚਾਉਣ ਲਈ, ਬਾਦਲ ਪਰਿਵਾਰ ਹਰ ਕੁਰਬਾਨੀ ਲਈ ਤਿਆਰ ਹੈ ਅਤੇ ਇਹ ਕੁਰਸੀ ਹੁਣ ਕਿਸਾਨੀ ਦੀ ਹਿੱਕ ’ਤੇ ਡਾਹੀ ਜਾਵੇਗੀ।’ ਬਾਦਲਾਂ ’ਤੇ ਦੋਹਰੀ ਨੀਤੀ ਵਰਤਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸੰਸਦ ’ਚ ਐੱਨਆਰਸੀ ਦੇ ਹੱਕ ’ਚ ਵੋਟਾਂ ਪਾਉਣ ਵਾਲੀ ਬਾਦਲ ਜੋੜੀ ਦੀ ਬੋਲੀ ‘ਦਿੱਲੀ’ ਕੁਝ ਹੋਰ ਤੇ ‘ਪੰਜਾਬ’ ਵਿੱਚ ਕੁਝ ਹੋਰ ਹੁੰਦੀ ਹੈ। ‘ਇੱਕ ਦੇਸ਼-ਇੱਕ ਮੰਡੀ’ ਵਾਲੇ ਆਰਡੀਨੈਂਸ ਨੂੰ ਵਾਪਸ ਕਰਨ ਦੀ ਮੰਗ ਲੈ ਕੇ ਪ੍ਰਧਾਨ ਮੰਤਰੀ ਕੋਲ ਪੰਜਾਬ ਤੋਂ ਜਾਣ ਵਾਲੇ ਸਰਬ ਪਾਰਟੀ ਵਫ਼ਦ ’ਚ ਸੁਖਬੀਰ ਬਾਦਲ ਵੱਲੋਂ ਸ਼ਾਮਲ ਹੋਣ ਤੋਂ ਨਾਂਹ ਕਰਨ ਬਾਰੇ ਸ੍ਰੀ ਮਾਨ ਨੇ, ‘ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ‘ਕਿਸਾਨੀ ਜਾਂ ਕੁਰਸੀ’ ਦੋਵਾਂ ’ਚੋਂ ਇਕ ਨੂੰ ਚੁਣਨ ਲਈ ਕਿਹਾ।’ ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕ ਕੁਰਸੀ ਪਿੱਛੇ ਪੰਜਾਬ ਦੇ ਹਿੱਤਾਂ ਨੂੰ ਕੇਂਦਰ ਦੀ ਝੋਲੀ ਗਹਿਣੇ ਪਾ ਰਿਹਾ ਹੈ। ਭਗਵੰਤ ਮਾਨ ਨੇ ‘ਆਪ’ ਨੂੰ ਕਾਂਗਰਸ ਦੀ ‘ਬੀ’ ਟੀਮ ਕਹੇ ਜਾਣ ’ਤੇ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ ਦਿੱਤਾ ਕਿ ‘ਆਪ’ ਪੰਜਾਬ ਦੇ ਹੱਕ ਮੰਗਦੇ ਲੋਕਾਂ ਦੀ ‘ਏ’ ਟੀਮ ਹੈ। ਉਨ੍ਹਾਂ ਆਖਿਆ ਕਿ ਆਉਂਦੇ ਸੰਸਦ ਦੇ ਸੈਸ਼ਨ ਦੌਰਾਨ ਉਹ ਇੱਕ ਪ੍ਰਾਈਵੇਟ ਮੈਂਬਰ ਵਜੋਂ ਕਿਸਾਨ ਵਿਰੋਧੀ ਆਰਡੀਨੈਂਸ ਵਿਰੁੱਧ ਬਿੱਲ ਲੈ ਕੇ ਆਉਣਗੇ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇ ਅਕਾਲੀ ਦਲ ’ਚ ਜਿਗਰਾ ਹੈ ਤਾਂ ਬਿੱਲ ਦੀ ਹਮਾਇਤ ਕਰੇ।
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਵਫ਼ਦ ਵਜੋਂ ਉੱਤਰਾਖੰਡ ਅਤੇ ਯੂ.ਪੀ. ਦੇ ਕਿਸਾਨਾਂ ਦਾ ਹੋ ਰਿਹਾ ਉਜਾੜਾ ਦੇਖ ਕੇ ਆਏ ਹਨ ਅਤੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ’ਚ ਕਿਸਾਨਾਂ ਨੂੰ ਮਾਲਕਾਨਾ ਹੱਕ ਦਿਵਾਉਣ ਲਈ ਮਤਾ ਪਾਸ ਕਰਵਾਉਣ ਲਈ ਰੱਖਣਗੇ।
ਸੁਖਬੀਰ ਨੇ ਪਤਨੀ ਦੀ ਕੁਰਸੀ ਬਚਾਈ: ਢੀਂਡਸਾ
ਸੰਗਰੂਰ/ਮਸਤੂਆਣਾ ਸਾਹਿਬ (ਗੁਰਦੀਪ ਸਿੰਘ ਲਾਲੀ/ਮਹਿੰਦਰ ਕੌਰ ਮਨੂੰ/ਐੱਸਐੱਸ ਸੱਤੀ:
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਉਂਦਿਆਂ ਕਿਹਾ, ‘ਸੰਘੀ ਢਾਂਚੇ ਦਾ ਗਲਾ ਘੁੱਟਣ ਤੇ ਖੇਤੀ ਮੰਡੀਕਰਨ ਨੂੰ ਤਬਾਹ ਕਰਨ ਵਾਲੇ ਆਰਡੀਨੈਂਸਾਂ ਦੇ ਹੱਕ ’ਚ ਸਹਿਮਤੀ ਦੇ ਕੇ ਸੁਖਬੀਰ ਨੇ ਜਿੱਥੇ ਆਪਣੀ ਪਤਨੀ ਦੀ ਕੁਰਸੀ ਬਚਾਅ ਲਈ ਹੈ ਉੱਥੇ ਸੰਘੀ ਢਾਂਚੇ ਅਤੇ ਕਿਸਾਨਾਂ ਦੇ ਹੱਕਾਂ ਦੀ ਕੁਰਬਾਨੀ ਦੇ ਦਿੱਤੀ ਹੈ।’ ਸ੍ਰੀ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਕੁਰਬਾਨੀ ਦੇਣ ਦੀ ਰੱਟ ਲਗਾਈ ਜਾ ਰਹੀ ਹੈ ਪਰ ਊਨ੍ਹਾਂ ਅਕਾਲੀ ਦਲ ਦੀ ਕੁਰਬਾਨੀ ਤਾਂ ਦੇ ਹੀ ਦਿੱਤੀ ਹੈ। ਸਵਾਲ ਇਹ ਹੈ ਕਿ ਹੁਣ ਹੋਰ ਕਾਹਦੀ ਕੁਰਬਾਨੀ ਦੇਣੀ ਹੈ ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੀ ਅੱਧੀ ਸਦੀ ਤੋਂ ਸੰਘੀ ਢਾਂਚੇ ਦੀ ਲੜਾਈ ਲੜਦਾ ਆ ਰਿਹਾ ਹੈ ਜਿਸ ਖਾਤਰ ਹਜ਼ਾਰਾਂ ਅਕਾਲੀ ਵਰਕਰਾਂ ਨੇ ਜ਼ਿੰਦਗੀ ਲੇਖੇ ਲਾਈ। ਕਿਸਾਨ ਲੰਮੇ ਅਰਸੇ ਤੋਂ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਰਹੇ ਹਨ ਅਤੇ ਦਲ ਨੇ ਕਿਸਾਨਾਂ ਦੇ ਹਿੱਤਾਂ ਖਾਤਰ ਸੰਘਰਸ਼ ਵੀ ਲੜੇ, ਜਿਨ੍ਹਾਂ ਨੂੰ ਸੁਖਬੀਰ ਨੇ ਵਿਸਾਰ ਦਿੱਤਾ ਹੈ। ਊਨ੍ਹਾਂ ਨੇ ਨਵਾਂ ਅਕਾਲੀ ਦਲ ਬਣਾਊਣ ਸਬੰਧੀ ਕਿਹਾ ਕਿ ਸਮੁੱਚਾ ਪੰਥ ਉਡੀਕ ’ਚ ਹੈ ਤੇ ਪੰਜਾਬ ਦੇ ਹਰ ਵਰਗ ’ਚ ਨਵੇਂ ਅਕਾਲੀ ਦਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ‘ਬਾਦਲ ਛੱਡੋ ਮੁਹਿੰਮ’ ਵਿੱਚ ਸ਼ਾਮਲ ਅਕਾਲੀ ਆਗੂਆਂ ਤੇ ਸਰਗਰਮ ਵਰਕਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।