ਦਵਿੰਦਰ ਪਾਲ
ਚੰਡੀਗੜ੍ਹ, 18 ਮਈ
ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਕਿਹਾ ਕਿ ਕਾਂਗਰਸ ਦੇ ਝੂਠ ਦੇ ਉਲਟ, ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਦਾਇਰ ਰਿਪੋਰਟ ਵਿਚ ਕਦੇ ਵੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਗਰੋਂ ਹੋ ਰਹੇ ਰੋਸ ਦਿਖਾਵਿਆਂ ’ਤੇ ਪੁਲੀਸ ਫਾਇਰਿੰਗ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ। ਇਨ੍ਹਾਂ ਰਿਪੋਰਟਾਂ ਵਿਚ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਮਾਮਲਿਆਂ ਜਾਂ ਇਸ ਮਗਰੋਂ ਗੋਲੀ ਕਾਂਡ ਦਾ ਦੋਸ਼ੀ ਠਹਿਰਾਉਣ ਦਾ ਵਿਰੋਧ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਰਿਪੋਰਟਾਂ ਦੀਆਂ ਸਿਫ਼ਾਰਸ਼ਾਂ ਵਿਚ ਕਿਤੇ ਵੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਨੂੰ ਕਿਸੇ ਵੀ ਗ਼ਲਤ ਕੰਮ ਦਾ ਦੋਸ਼ੀ ਨਹੀਂ ਪਾਇਆ ਗਿਆ।
ਸ੍ਰੀ ਮਜੀਠੀਆ ਨੇ ਕਾਂਗਰਸ ਤੇ ‘ਆਪ’ ਆਗੂਆਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਲੋਕਾਂ ਜਾਂ ਮੀਡੀਆ ਸਾਹਮਣੇ ਉਹ ਸਬੂਤ ਪੇਸ਼ ਕਰਨ ਜਿਸ ਦਾ ਦਾਅਵਾ ਉਹ ਬੇਅਦਬੀ ਮਾਮਲਿਆਂ ਵਿਚ ਅਕਾਲੀ ਆਗੂਆਂ ਖ਼ਿਲਾਫ਼ ਸਬੂਤ ਹੋਣ ਬਾਰੇ ਕਰਦੇ ਹਨ।
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਕੋਲ ਇਹ ਸਬੂਤ ਸੀ ਜਾਂ ਹੈ ਤਾਂ ਉਨ੍ਹਾਂ ਕਦੇ ਵੀ ਖ਼ਾਲਸਾ ਪੰਥ, ਸਿਟ ਜਾਂ ਅਦਾਲਤ ਸਾਹਮਣੇ ਪੇਸ਼ ਕਿਉਂ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਜਾਖੜ, ਸੁੱਖੀ ਰੰਧਾਵਾ, ਚੰਨੀ ਤੇ ਸਿੱਧੂ ਖ਼ਾਲਸਾ ਪੰਥ ਤੇ ਨਿਆਂਪਾਲਿਕਾ ਨੂੰ ਜਵਾਬਦੇਹ ਹਨ ਕਿ ਇਨ੍ਹਾਂ ਨੇ ਸਬੂਤ ਛੁਪਾ ਕੇ ਕਿਉਂ ਰੱਖੇ।
ਸ੍ਰੀ ਮਜੀਠੀਆ ਨੇ ਇਸ ਮੌਕੇ ਤਸਵੀਰਾਂ ਤੇ ਵੀਡੀਓ ਸਬੂਤ ਪੇਸ਼ ਕੀਤੇ ਜਿਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੀਂ ਹੱਥ ਲਾਉਂਦੇ ਦਿਸਦੇ ਹਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਕਰੋਨਾ ਧਮਾਕੇ ਦੇ ਹਾਲਾਤ ’ਤੇ ਹੈ। ਉਨ੍ਹਾਂ ਕਿਹਾ ਕਿ ਹਾਲਾਤ ਚਿੰਤਾਜਨਕ ਤੇ ਖ਼ਤਰਨਾਕ ਹਨ ਜਿਸ ਲਈ ਸਭ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਝੂਠ ਬੋਲ ਕੇ ਸਿੱਖ ਸੰਗਤ ਦੀਆਂ ਅੱਖਾਂ ਵਿਚ ਘਟਾ ਪਾ ਰਹੇ ਹਨ। ਸ੍ਰੀ ਮਜੀਠੀਆ ਨੇ ਮੁੱਖ ਮੰਤਰੀ ਦੇ ਕਥਿਤ ਪਾਰਟੀ ਦੇ ਅੰਦਰ ਤੇ ਬਾਹਰ ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨ ਵਾਸਤੇ ਵਿਜੀਲੈਂਸ ਬਿਊਰੋ ਦੀ ਦੁਰਵਰਤੋਂ ਦੀ ਨਿਖੇਧੀ ਕੀਤੀ।