ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਸਤੰਬਰ
‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੂੰ ਲਿਖੀ ‘ਤਾਅਨੇ ਮਾਰਕਾ ਚਿੱਠੀ’ ਦੀ ਆਲੋਚਨਾ ਕਰਦਿਆਂ ਕਿਹਾ, ‘ਬਾਦਲਾਂ ਦਾ ਦਿਲ ਅੱਜ ਵੀ ਭਾਜਪਾ ਵਿੱਚ ਧੜਕਦਾ ਹੈ ਕਿਉਂਕਿ ਚਿੱਠੀ ਦਾ ਹਰ ਸ਼ਬਦ ਤੇ ਹਰ ਅਰਥ ਕਿਸਾਨਾਂ ਦੀ ਥਾਂ ਨਰਿੰਦਰ ਮੋਦੀ ਸਰਕਾਰ ਦੀ ਪੈਰਵੀ ਕਰ ਰਿਹਾ ਹੈ।’ ਚੀਮਾ ਨੇ ਕਿਹਾ ਕਿ ਜਿਹੜੀ ਚਿੱਠੀ ਬਾਦਲ ਪਰਿਵਾਰ ਨੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਭੇਜੀ ਹੈ, ਉਸ ’ਚ ਕਿਤੇ ਵੀ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਨਹੀਂ ਕਿਹਾ ਗਿਆ, ਸਗੋਂ ਪੰਜਾਬ ਦੇ ਮੌਜੂਦਾ ਹਾਲਾਤ ਲਈ ਕਿਸਾਨਾਂ ਨੂੰ ਹੀ ਤਾਅਨੇ-ਮਿਹਣੇ ਦਿੱਤੇ ਗਏ ਹਨ।
ਚੀਮਾ ਨੇ ਕਿਹਾ ਕਿ ਆਰਡੀਨੈਂਸ ’ਤੇ ਹਰਸਿਮਰਤ ਕੌਰ ਬਾਦਲ ਦੇ ਦਸਤਖ਼ਤ, ਸਰਬ ਪਾਰਟੀ ਬੈਠਕ ’ਚ ਸੁਖਬੀਰ ਬਾਦਲ ਵੱਲੋਂ ਖੇਤੀ ਬਿੱਲਾਂ ਦੀ ਕੀਤੀ ਗਈ ਵਕਾਲਤ ਤੇ ਪ੍ਰਕਾਸ਼ ਸਿੰਘ ਬਾਦਲ ਦੀ ਗੁਣਗਾਣ ਵੀਡੀਓ ਕਿਸੇ ਨੂੰ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਖ਼ੁਦ ਦੇਣ ਨਾ ਕਿ ਚੰਦੂਮਾਜਰਾ ਸਮੇਤ 3 ਹੋਰ ਆਗੂਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਵੇ।
ਜਿਉਂ ਦਾ ਤਿਉਂ ਜਾਰੀ ਹੈ ਡਰੱਗ ਮਾਫੀਆ ਦਾ ਕਹਿਰ: ਮੀਤ ਹੇਅਰ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਪਾਰਟੀ ਨੇ ਸੱਤਾਧਾਰੀ ਕਾਂਗਰਸ ਨੂੰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ। ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਸੂਬੇ ਅੰਦਰ ‘ਡਰੱਗ ਮਾਫੀਆ’ ਦਾ ਕਹਿਰ ਜਿਉਂ ਦਾ ਤਿਉਂ ਹੈ, ਪਰ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਬਾਦਲਾਂ ਵੱਲੋਂ ਕਥਿਤ ਸ਼ੁਰੂ ਕੀਤੇ ਗਏ ਨਸ਼ੇ ਦੇ ਕਾਰੋਬਾਰ ਦੀ ਪੁਸ਼ਤਪਨਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਯੂਥ ਵਿੰਗ ਆਉਂਦੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰੇਗਾ।