ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਅਕਤੂਬਰ
ਹਵਾਰਾ ਕਮੇਟੀ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਤੌਰ ’ਤੇ ਹੋਂਦ ਵਿੱਚ ਆਉਣ ਪਿੱਛੇ ਕੇਂਦਰ ਸਰਕਾਰ ਦੀ ਸਿੱਖ ਮਾਰੂ ਨੀਤੀਆਂ ਅਤੇ ਬਾਦਲਕਿਆਂ ਦੀ ਨਿੱਜ ਸਵਾਰਥ ਤੋਂ ਪ੍ਰੇਰਿਤ ਸਿਆਸਤ ਜ਼ਿੰਮੇਵਾਰ ਹੈ। ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਆਖਿਆ ਕਿ ਅਕਾਲੀ ਦਲ ਦਾ ਆਪਣੇ ਮੁੱਢਲੇ ਅਦਾਰਸ਼ਾਂ ਤੋਂ ਥਿੜਕਣਾ ਅਤੇ ਸਿੱਖ ਵਿਰੋਧੀ ਭਾਜਪਾ ਦੇ ਨਾਲ ਦੋ ਦਹਾਕਿਆਂ ਤੋਂ ਵੱਧ ਸਮਾਂ ਭਾਈਵਾਲੀ ਰੱਖਣਾ ਘਾਤਕ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਵੱਲੋਂ ਜੁਲਾਈ 2004 ਵਿੱਚ ਆਰਐੱਸਐੱਸ ਨੂੰ ਪੰਥ ਵਿਰੋਧੀ ਐਲਾਨੇ ਜਾਣ ਅਤੇ ਕਿਸੇ ਵੀ ਕਿਸਮ ਦਾ ਸਹਿਯੋਗ ਨਾ ਦੇਣ ਵਾਲੇ ਆਦੇਸ਼ ’ਤੇ ਇੰਨ-ਬਿੰਨ ਅਮਲ ਕੀਤਾ ਹੁੰਦਾ ਤਾਂ ਸਿੱਖ ਕੌਮ ਅਤੇ ਸ਼੍ਰੋਮਣੀ ਸਿੱਖ ਸੰਸਥਾਵਾਂ ਵਿੱਚ ਭਾਜਪਾ ਤੇ ਰਾਸ਼ਟਰੀ ਸਿੱਖ ਸੰਗਤ ਦੀ ਘੁਸਪੈਠ ਨੂੰ ਸਹਿਜੇ ਹੀ ਰੋਕਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਇਸ ਅਹਿਮ ਹੁਕਮ ਨੂੰ 2004 ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਕਿਸੇ ਵੀ ਜਥੇਦਾਰ ਨੇ ਬਾਦਲਕਿਆਂ ਤੋਂ ਡਰਦਿਆਂ ਇਸ ਦੇ ਅਮਲ ਲਈ ਕੋਈ ਕਦਮ ਚੁੱਕਣ ਦਾ ਹੌਸਲਾ ਨਹੀਂ ਕੀਤਾ। ਇਸ ਦਾ ਨਤੀਜਾ ਇਹ ਹੈ ਕਿ ਇਸ ਹੁਕਮ ਨੂੰ ਠੰਢੇ ਬਸਤੇ ਵਿੱਚ ਪਾ ਕੇ ਸਿੱਖ ਸੰਗਤ ਦੀ ਯਾਦ ਵਿੱਚੋਂ ਮਨਫ਼ੀ ਕਰ ਦਿੱਤਾ ਗਿਆ ਹੈ। ਹਵਾਰਾ ਕਮੇਟੀ ਨੇ ਬਿਨਾ ਕਿਸੇ ਦਾ ਨਾਂ ਲਏ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੁਝ ਸਿੱਖ ਆਗੂ ਹਰਿਆਣਾ ਕਮੇਟੀ ਬਣਨ ’ਤੇ ਭਾਜਪਾ ਆਗੂਆਂ ਦਾ ਧੰਨਵਾਦ ਕਰ ਰਹੇ ਹਨ। ਸਿੱਖ ਆਗੂਆਂ ਨੇ ਕਿਹਾ ਕਿ ਭੁੱਲਣਾ ਨਹੀਂ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਦਾ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਜਾਣਾ ਸਿੱਖ ਸ਼ਕਤੀ ਦਾ ਖੇਰੂੰ-ਖੇਰੂੰ ਹੋਣਾ ਹੈ ਜੋ ਭਵਿੱਖ ਲਈ ਨੁਕਸਾਨ ਦਾਇਕ ਹੈ। ਉਨ੍ਹਾਂ ਸਪਸ਼ਟ ਆਖਿਆ ਕਿ ਸਿੱਖ ਸਿਧਾਤਾਂ ਦੀ ਪਹਿਰੇਦਾਰੀ ਕਰਨੀ ਸਾਡਾ ਫ਼ਰਜ਼ ਹੈ।ਕਮੇਟੀ ਨੇ ਸਿੱਖ ਆਗੂਆਂ ਨੂੰ ਚੌਕਸ ਕੀਤਾ ਕਿ ਭਾਜਪਾ ਦਾ ਪਿਛਲੱਗ ਬਣਨਾ ਭਵਿੱਖ ਲਈ ਨੁਕਸਾਨਦੇਹ ਹੋਵੇਗਾ।
ਸ਼੍ਰੋਮਣੀ ਕਮੇਟੀ ਦਾ ਮਾਰਚ ਢਕਵੰਜ ਕਰਾਰ
ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਕਮੇਟੀ ਦੀ ਅਗਵਾਈ ’ਚ ਕੱਢੇ ਰੋਸ ਮਾਰਚ ਨੂੰ ਇੱਕ ਵਿਸ਼ੇਸ਼ ਪਰਿਵਾਰ ਨੂੰ ਸਿੱਖ ਪੰਥ ਦਾ ਸਰਵਉੱਚ ਬਣਾਈ ਰੱਖਣ ਲਈ ਕੀਤਾ ਢਕਵੰਜ ਕਰਾਰ ਦਿੱਤਾ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੂੰ ਹਰਿਆਣਾ ਕਮੇਟੀ ਖ਼ਿਲਾਫ਼ ਸੰਗਤ ਵੱਲੋਂ ਹੁੰਗਾਰਾ ਨਾ ਮਿਲਣ ਕਰ ਕੇ ਹੀ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਰੋਸ ਮਾਰਚ ’ਚ ਸ਼ਾਮਲ ਕੀਤਾ ਗਿਆ।