ਖੇਤਰੀ ਪ੍ਰਤੀਨਿਧ
ਪਟਿਆਲਾ, 6 ਅਗਸਤ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਥੇ ਚੰਗੀ ਕਾਰਗੁਜ਼ਾਰੀ ਵਾਲੇ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ, ਉਥੇ ਹੀ ਮਾੜੀ ਅਫ਼ਸਰਸ਼ਾਹੀ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਆਖਿਆ ਕਿ ਬਹੁਤੀ ਵਾਰੀ ਮਾੜੇ ਅਫ਼ਸਰਾਂ ਦੇ ਕਾਰਨਾਮਿਆਂ ਦਾ ਹਰਜਾਨਾ ਰਾਜਸੀ ਆਗੂਆਂ ਨੂੰ ਭੁਗਤਣਾ ਪੈਂਦਾ ਹੈ। ਰੰਧਾਵਾ ਨੇ ਕਿਹਾ ਕਿ ਅਜਿਹੇ ਵਿਵਾਦ ਦੌਰਾਨ ਭਾਵੇਂ ਕਿ ਇੱਕ ਮੰਤਰੀ ਨੂੰ ਤਾਂ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ ਪਰ ਅਜਿਹੇ ਕਥਿਤ ਘੁਟਾਲੇ ਲਈ ਅਸਲੀ ਜ਼ਿੰਮੇਵਾਰ ਅਫ਼ਸਰਾਂ ਤੇ ਬਾਬੂਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰਕ ਤਹਿਤ ਰੰਧਾਵਾ ਨੇ ਜਿਥੇ ਬਾਦਲ ਸਰਕਾਰ ਵੱਲੋਂ ਬਿਜਲੀ ਸਬੰਧੀ ਕੀਤੇ ਗਏ ਕਥਿਤ ਗਲਤ ਸਮਝੌਤਿਆਂ ਨੂੰ ਰੱਦ ਕਰਨਾ ਲਾਜ਼ਮੀ ਦੱਸਿਆ, ਉਥੇ ਹੀ ਇਸ ਸਬੰਧੀ ਜ਼ਿੰਮੇਵਾਰ ਰਹੇ ਉਸ ਵੇਲੇ ਦੇ ਅਫ਼ਸਰਾਂ ਅਤੇ ਬਾਬੂਆਂ ਖ਼ਿਲਾਫ਼ ਵੀ ਕਾਰਵਾਈ ਯਕੀਨੀ ਬਣਾਏ ਜਾਣ ਦੀ ਗੱਲ ਆਖੀ।