ਖੇਤਰੀ ਪ੍ਰਤੀਨਿਧ
ਘਨੌਰ, 6 ਮਈ
ਪਟਿਆਲਾ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੇ ਅੱਜ ਘਨੌਰ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹ੍ਵਾਂ ਕਿਹਾ ਕਿ ਅਕਾਲੀ ਤੇ ਭਾਜਪਾਈ ਅੱਜ ਵੀ ਅੰਦਰੋਂ ਇੱਕ ਹਨ ਤੇ ਇਹ ਵੱਖ ਹੋਣ ਦਾ ਨਾਟਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਹਾਲੇ ਭੁੱਲੇ ਨਹੀਂ ਕਿ ਕਿਸਾਨ ਵਿਰੋਧੀ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਕਰਨ ਲਈ ਉਨ੍ਹਾਂ ਨੂੰ ਆਪਣੇ 700 ਕਿਸਾਨ ਭਰਾਵਾਂ ਦੀਆਂ ਸ਼ਹਾਦਤਾਂ ਦੇਣੀਆਂ ਪਈਆਂ ਜਦਕਿ ਇਨ੍ਹਾਂ ਮਾਰੂ ਬਿੱਲਾਂ ਦੇ ਹੱਕ ਵਿਚ ਪੰਜਾਬ ਵਿਚੋਂ ਸਭ ਤੋਂ ਪਹਿਲਾਂ ਬਾਦਲ ਪਰਿਵਾਰ ਹੀ ਖੜ੍ਹਿਆ ਸੀ, ਜਿਸ ਨੇ ਬਾਹਾਂ ਖ਼ੜ੍ਹੀਆਂ ਕਰਕੇ ਇਨ੍ਹਾਂ ਬਿੱਲਾਂ ਦੀ ਹਾਮੀ ਭਰੀ ਸੀ।
‘ਆਪ’ ਉਮੀਦਵਾਰ ਨੇ ਕਾਮੀ ਕਲਾਂ, ਕਾਮੀ ਖੁਰਦ, ਮਾੜ੍ਹੀਆਂ, ਸੌਂਟਾ, ਸਰਾਲਾਂ ਕਲਾਂ, ਸਰਾਲਾ ਖੁਰਦ, ਰੁੜਕਾ, ਬਠੌਣੀਆਂ, ਬਠੌਣੀਆਂ ਖੁਰਦ, ਸੋਗਲਪੁਰ ਤੇ ਬਘੌਰਾ ਆਦਿ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਗੁਰਲਾਲ ਘਨੌਰ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਤਾਂ ਕੀ ਕਾਂਗਰਸ ਸਰਕਾਰ ਨੇ ਵੀ ਕਿਸਾਨਾਂ ਨੂੰ ਮੁਆਵਜ਼ੇ ਲਈ ਪੈਸਾ ਨਹੀਂ ਦਿੱਤਾ ਜਿਸ ਦੇ ਚੱਲਦਿਆਂ ਹੀ ਅੱਜ ਲੋਕ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ। ਇਸ ਮੌਕੇ ਧਰਮਿੰਦਰ ਸ਼ਾਹਪੁਰ, ਜਰਨੈਲ ਮਨੂੰ, ਅਵਤਾਰ ਸੋਗਲਪੁਰ, ਗੁਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਨਰ ਸਿੰਘ ਕਾਮੀ, ਹਰਚਰਨ ਸੌਂਟਾ, ਹਰਜੀਤ ਸਰਾਲਾ, ਲਖਵਿੰਦਰ ਗੁੱਜਰ, ਕੈਪਟਨ ਦੀਦਾਰ ਸਿੰਘ ਅਜਰਾਵਰ, ਸਤਨਾਮ ਢੀਂਡਸਾ, ਰਾਕੇਸ਼ ਬੱਗਾ, ਅਮਰਿੰਦਰ ਮਾਨ ਮੌਜੂਦ ਸਨ।