ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਗਸਤ
ਸ਼੍ਰੋਮਣੀ ਅਕਾਲੀ ਦਲ (ਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲਾਂ ਵੱਲੋੋਂ ਡੁੱਬਦੀ ਬੇੜੀ ਨੂੰ ਬਚਾਉਣ ਤੇ ਲੋਕਾਂ ਦਾ ਧਿਆਨ ਬੇਅਦਬੀ ਮਾਮਲਿਆਂ ਤੋਂ ਹਟਾਉਣ ਲਈ ਬੇਲੋੜੇ ਮੁੱਦਿਆਂ ਨੂੰ ਹਵਾ ਦਿੱਤੀ ਜਾ ਰਹੀ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਢੀਂਡਸਾ ਕਿਹਾ ਕਿ ਅਕਾਲੀ ਦਲ (ਡ) ਦੇ ਲੰਮੇ ਹੁੰਦੇ ਕਾਫ਼ਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਭਵਿੱਖ ਹਨੇਰਾ ਦਿਖਾਈ ਦੇਣ ਲੱਗਾ ਹੈ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਅਤੇ ਪਾਰਟੀ ਲਈ ਕੁਰਬਾਨੀਆਂ ਦੇਣ ਵਾਲੇ ਪਰਿਵਾਰ ਤਾਂ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨਾਲ ਜੁੜ ਰਹੇ ਹਨ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬਾਦਲ ਦਲ ਦਾ ਸਾਥ ਛੱਡਣ ਲੱਗੇ ਹਨ।
ਸ੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹੁਣ ਜ਼ਿਆਦਾ ਸਮਾਂ ਬਾਦਲਾਂ ਦੇ ਕਬਜ਼ੇ ਹੇਠ ਨਹੀਂ ਰਹੇਗੀ ਤੇ ਜਲਦੀ ਹੀ ਇਸ ਦੀ ਵਾਗਡੋਰ ਸੱਚੇ ਅਕਾਲੀਆਂ ਹੱਥ ਆ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਆਰਐੱਸਐੱਸ ਦੀ ਕਦੇ ਵੀ ਵਡਿਆਈ ਨਹੀਂ ਕੀਤੀ ਪਰ ਅਕਾਲੀ ਆਗੂਆਂ ਨੇ ਬਿਨਾਂ ਸੋਚੇ ਸਮਝੇ ਹੀ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ। ਬਾਦਲ ਦਲ ਦੇ ਆਗੂਆਂ ਨੂੰ ਜਦੋਂ ਉਨ੍ਹਾਂ ਖ਼ਿਲਾਫ਼ ਕੋਈ ਵੀ ਮੁੱਦਾ ਨਹੀਂ ਲੱਭਿਆ ਤਾਂ ਮੀਡੀਆ ਦੀਆਂ ਖ਼ਬਰਾਂ ਨੂੰ ਉਛਾਲਣਾ ਸ਼ੁਰੂ ਕਰ ਦਿੱਤਾ ਹੈ ਜਦਕਿ ਉਨ੍ਹਾਂ ਸਮੁੱਚੇ ਸਿਆਸੀ ਸਫ਼ਰ ਦੌਰਾਨ ਪੰਥਕ ਸੋਚ ਤੋਂ ਪਾਸੇ ਹੋ ਕੇ ਨਾ ਤਾਂ ਕਦੇ ਸੋਚਿਆ ਹੈ ਤੇ ਨਾ ਹੀ ਰਹਿੰਦੀ ਉਮਰ ਤੱਕ ਸੋਚਣਗੇ।
ਸ਼੍ਰੋਮਣੀ ਕਮੇਟੀ ਦੀ ਤੁਲਨਾ ਆਰਐੱਸਐੱਸ ਨਾਲ ਨਹੀਂ ਕੀਤੀ: ਢੀਂਡਸਾ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸਰਪ੍ਰਸਤ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਤੁਲਨਾ ਆਰਐੱਸਐਸ ਨਾਲ ਕਰਨ ਦਾ ਖੰਡਨ ਕਰਦਿਆਂ ਆਖਿਆ ਕਿ ਉਨ੍ਹ੍ਵਾਂ ਨੇ ਅਜਿਹੇ ਸ਼ਬਦ ਨਹੀਂ ਕਹੇ। ਉਨ੍ਹਾਂ ਕਿ ਐੱਸਜੀਪੀਸੀ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ ਹੈ, ਪਰ ਅਜੋਕੇ ਦੌਰ ’ਚ ਇਸ ਸੰਸਥਾ ਦੇ ਪ੍ਰਬੰਧਕਾਂ ’ਚ ਖਾਮੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੰਸਥਾ ਦੇ ਪ੍ਰਬੰਧਕਾਂ ਦੇ ਅਵੇਸਲੇ ਹੋਣ ਨਾਲ ਸਿੱਖੀ ਵਿੱਚ ਨਿਘਾਰ ਆਇਆ ਹੈ।