ਇਕਬਾਲ ਸਿੰਘ ਸ਼ਾਂਤ
ਲੰਬੀ, 16 ਨਵੰਬਰ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕਸੁਰਤਾ ’ਚ ਪੰਜਾਬ, ਸਿੱਖ ਕੌਮ, ਭਾਸ਼ਾ-ਸੱਭਿਆਚਾਰ ਨੂੰ ਬਾਹਰੀ ਹਮਲਿਆਂ ਤੋਂ ਬਚਾਅ ਲਈ ਮੀਰੀ-ਪੀਰੀ ਸਿਧਾਂਤ ਨੂੰ ਉਤਸ਼ਾਹਿਤ ਕਰਨ ਦਾ ਹੋਕਾ ਦਿੱਤਾ ਹੈ। ਦੇਵੇਂ ਪੰਥਕ-ਸਿਆਸੀ ਆਗੂ ਅੱਜ ਮਰਹੂਮ ਅਕਾਲੀ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਪੁੱਜੇ ਸਨ।
ਇਸ ਮੌਕੇ ਵੱਡੀ ਤਾਦਾਦ ’ਚ ਲੋਕ ਜਥੇਦਾਰ ਦਿਆਲ ਸਿੰਘ ਨੂੰ ਸ਼ਰਧਾਂਜਲੀਆਂ ਦੇਣ ਪੁੱਜੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਜਥੇਦਾਰ ਦੇ ਰੂਪ ਵਿੱਚ ਉਨ੍ਹਾਂ ਦੀ ਸੱਜੀ ਬਾਂਹ ਚਲੀ ਗਈ ਹੈ। ਦਿਆਲ ਸਿੰਘ ਇਲਾਕੇ ਦੀ ਰੂਹ ਸਨ। ਉਨ੍ਹਾਂ ਕਿਹਾ ਕਿ ਚਹੁੰ ਪਾਸਿਓਂ ਘਿਰੇ ਹਾਲਾਤ ’ਚ ਪੰਜਾਬ, ਸਿੱਖ ਕੌਮ ਅਤੇ ਧਰਮ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਡਟਣ ਦੀ ਜ਼ਰੂਰਤ ਹੈ। ਉਨ੍ਹਾਂ ਪਿੰਡਾਂ ’ਚੋਂ ਧੜੇਬੰਦੀਆਂ ਮੁਕਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੇਤਰੀ ਪਾਰਟੀਆਂ ਨੇ ਸੂਬਾਈ ਸੱਭਿਆਚਾਰ ਅਤੇ ਭਾਸ਼ਾਈ ਵਿਕਾਸ ’ਚ ਵਡਮੁੱਲਾ ਯੋਗਦਾਨ ਪਾਇਆ ਹੈ। ਕੌਮੀ ਸਿਆਸੀ ਪਾਰਟੀਆਂ ਦੇ ਏਜੰਡੇ ’ਤੇ ਖੇਤਰੀ ਪਾਰਟੀਆਂ ਨੂੰ ਖ਼ਤਮ ਕਰਨਾ ਅਹਿਮ ਮੁੱਦਾ ਰਿਹਾ ਹੈ। ਉਨਾਂ ਫ਼ਿਕਰਮੰਦੀ ਜ਼ਾਹਿਰ ਕਰਦੇ ਹੋਏ ਆਖਿਆ ਕਿ ਸਿੱਖਾਂ ਦਾ ਰਾਜਸੀ ਤੌਰ ’ਤੇ ਮਰਨਾ ਸਿੱਖਾਂ ਦੀ ਧਾਰਮਿਕ ਅਤੇ ਸੱਭਿਆਚਾਰਕ ਮੌਤ ਵੀ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਮਰਹੂਮ ਦੀ ਪਾਰਟੀ ਪ੍ਰਤੀ ਵਫ਼ਦਾਰੀ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ।
ਬਾਦਲ ਵੱਲੋਂ ਜਨਤਕ ਸਫ਼ਾਂ ’ਚ ਵਾਪਸੀ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਨਤਕ ਮੋਰਚੇ ’ਤੇ ਪਰਤ ਆਏ ਹਨ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਉਹ ਲੋਕਾਂ ਦੇ ਦੁੱਖ-ਸੁੱਖ ’ਚ ਪਹਿਲਾਂ ਵਾਂਗ ਵਿਚਰਨਗੇ। ਉਹ ਆਗਾਮੀ ਸਮੇਂ ’ਚ ਪਾਰਟੀ ਦੇ ਹੁਕਮ ਨੂੰ ਮੰਨਦੇ ਹੋਏ ਹਰ ਡਿਊਟੀ ਨਿਭਾਉਣਗੇ। ਉਨ੍ਹਾਂ ਦੇ ਸ਼ਬਦਾਂ ’ਚੋਂ ਆਗਾਮੀ ਚੋਣਾਂ ਲੜਨ ਦੇ ਸੰਕੇਤ ਮਿਲ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਗੋਆ ’ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਅਹੁਦਾ ਭੰਡਾਰੀ ਅਤੇ ਕੈਥੋਲਿਕ ਭਾਈਚਾਰੇ ਲਈ ਐਲਾਨਣ ਨੂੰ ਸਾਬਕਾ ਮੁੁੱਖ ਮੰਤਰੀ ਨੇ ਮੌਕਾਪ੍ਰਸਤ ਸਿਆਸਤ ਕਰਾਰ ਦਿੱਤਾ ਹੈ।
ਬਾਦਲ ਤੇ ਜਥੇਦਾਰ ਵਿਚਕਾਰ ਬੰਦ ਕਮਰਾ ਮੀਟਿੰਗ
ਜਥੇਦਾਰ ਕੋਲਿਆਂਵਾਲੀ ਦੀ ਰਿਹਾਇਸ਼ ’ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਕਾਰ ਕਰੀਬ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਹੋਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗਾਮੀ ਦਿਨਾਂ ’ਚ ਪ੍ਰਧਾਨਗੀ ਚੋਣ ਬਾਰੇ ਚਰਚਾ ਹੋਈ ਦੱਸੀ ਜਾਂਦੀ ਹੈ।