ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਜੁਲਾਈ
ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਆਪਣੇ ਪੁੱਤਰ ਦੀ ਚੌਧਰ ਖ਼ਾਤਰ ਵੱਡੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਮਰਿਆਦਾਵਾਂ ਦਾ ਘਾਣ ਕਰ ਦਿੱਤਾ ਹੈ। ਅੱਜ ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਖੰਨਾ ਇਲਾਕੇ ਦੇ ਅਕਾਲੀ ਵਰਕਰਾਂ ਨੂੰ ਸ੍ਰੀ ਢੀਂਡਸਾ ਨੇ ਕਿਹਾ ਕਿ ਸਮਾਂ ਆਉਣ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, 267 ਗਾਇਬ ਹੋਏ ਸਰੂਪ ਅਤੇ ਸ਼੍ਰੋਮਣੀ ਕਮੇਟੀ ਵਿਚ ਹੋਏ ਘਪਲਿਆਂ ਦਾ ਪਰਦਾਫ਼ਾਸ ਕਰਕੇ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲਦੀ ਹੀ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਬਣਾ ਕੇ ਨਵੇਂ ਜੱਥੇਬੰਧਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ। ਇਸ ਇਲਾਕੇ ਦੇ ਅਕਾਲੀ ਦਲ (ਅ) ਦੇ ਕਈ ਸੀਨੀਅਰ ਆਗੂ ਜੱਸਾ ਸਿੰਘ ਗਲਵੱਡੀ ਅਤੇ ਕੁਲਵੰਤ ਸਿੰਘ ਬਾਬਰਪੁਰ ਦੀ ਅਗਵਾਈ ਹੇਠ ਸ੍ਰੀ ਢੀਂਡਸਾ ਨਾਲ ਰਲ ਗਏ। ਇਸ ਮੌਕੇ ਰਣਜੀਤ ਸਿੰਘ ਤਲਵੰਡੀ, ਜਗਦੀਸ਼ ਸਿੰਘ ਗਰਚਾ, ਨਿਧੜਕ ਸਿੰਘ ਬਰਾੜ, ਮੰਗਤ ਰਾਏ ਸਿੰਘ ਲਸਾੜਾ, ਸੁਖਵੰਤ ਸਿਘ ਟਿੱਲੂ, ਮਾਨ ਸਿੰਘ ਗਰਚਾ, ਹਰਪ੍ਰੀਤ ਸਿੰਘ ਗੁਰਮ, ਮਲਕੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਕਰਮਜੀਤ ਸਿੰਘ ਨਾਰੰਗਵਾਲ, ਰਾਜਿੰਦਰ ਸਿੰਘ ਮੁਕਤਸਰ ਨੇ ਸੰਬੋਧਨ ਕੀਤਾ।