ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਅਪਰੈਲ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਿਆਂ ਕਥਿਤ ਨਿਆਂਇਕ ਪ੍ਰਣਾਲੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਹਾਈ ਕੋਰਟ ਵੱਲੋਂ ਰੱਦ ਕਰਨ ਦਾ ਮਾਮਲਾ ਵੀ ਇਨ੍ਹਾਂ ਦੋਵਾਂ ਪਰਿਵਾਰਾਂ ਵੱਲੋਂ ਖੇਡੀ ਗਈ ਕਥਿਤ ਇਕ ਨਾਪਾਕ ਖੇਡ ਹੈ, ਜਿਸ ਨੂੰ ਸਮਝਣਾ ਜ਼ਰੂਰੀ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਵਰਗੇ ਇਮਾਨਦਾਰ ਅਫ਼ਸਰ ਨੂੰ ਅਜਿਹੀ ਸਥਿਤੀ ’ਚ ਲਿਆ ਕੇ ਖੜ੍ਹਾ ਕਰ ਦਿੱਤਾ, ਜਿੱਥੇ ਉਸ ਕੋਲ ਅਸਤੀਫ਼ੇ ਤੋਂ ਬਿਨਾਂ ਕੋਈ ਰਾਹ ਨਹੀਂ ਬਚਿਆ।
ਉਨ੍ਹਾਂ ਕਿਹਾ ਕਿ ਜਿਸ ਦਿਨ ਕੋਟਕਪੂਰਾ ਕਾਂਡ ਬਾਰੇ ਹਾਈ ਕੋਰਟ ਵਿੱਚ ਪੇਸ਼ੀ ਸੀ, ਉਸ ਵੇਲੇ ਐਡਵੋਕੇਟ ਜਨਰਲ ਛੁੱਟੀ ’ਤੇ ਚਲੇ ਗਏ। ਸਰਕਾਰ ਵੱਲੋਂ ਸਹੀ ਪੱਖ ਨਾ ਪੇਸ਼ ਕਰਨ ਕਰਕੇ, ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਪੱਖ ਵਿੱਚ ਨਾ ਖੜ੍ਹਨ ਕਰਕੇ ਹਾਈ ਕੋਰਟ ਨੇ ਇਹ ਰਿਪੋਰਟ ਰੱਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਿੱਚ ਅਦਾਲਤ ਦਾ ਕੋਈ ਕਸੂਰ ਨਹੀਂ ਹੈ, ਬਲਕਿ ਸਾਰਾ ਕਸੂਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਹੈ, ਜਿਸ ਨੇ ਸਹੀ ਪੱਖ ਪੇਸ਼ ਨਹੀਂ ਕੀਤਾ। ‘ਆਪ’ ਆਗੂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਾਂਚ ਰਿਪੋਰਟ ਰੱਦ ਕਰਨ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨੇ ਚੁੱਪ ਵੱਟੀ ਹੋਈ ਹੈ, ਜਿਸ ਤੋਂ ਸਾਫ਼ ਹੈ ਕਿ ਇਸ ਨੂੰ ਬੇਅਦਬੀ ਨਾਲ ਕੋਈ ਸਰੋਕਾਰ ਨਹੀਂ ਹੈ, ਸਗੋਂ ਇਹ ਸਿਰਫ਼ ਵੋਟਾਂ ਦੀ ਰਾਜਨੀਤੀ ਹੀ ਕਰਦੇ ਹਨ।