ਜੋਗਿੰਦਰ ਸਿੰਘ ਮਾਨ
ਮਾਨਸਾ, 12 ਮਾਰਚ
ਵਿਧਾਨ ਸਭਾ ਚੋਣਾਂ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਮਿਹਨਤ ਵੀ ਕੋਈ ਰੰਗ ਨਾ ਲਿਆ ਸਕੀ। ਲੋਕ ਸਭਾ ਹਲਕਾ ਬਠਿੰਡਾ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਹਾਰੇ ਹਨ। ਇਨ੍ਹਾਂ ਵਿੱਚ ਹਰਸਿਮਰਤ ਦੇ ਸਹੁਰਾ ਪ੍ਰਕਾਸ਼ ਬਾਦਲ ਵੀ ਸ਼ਾਮਲ ਹਨ। ਹਾਲਾਂਕਿ ਇਸ ਹਲਕੇ ਨਾਲ ਸਬੰਧਤ ਜਥੇਦਾਰਾਂ ਨੂੰ ਹੀ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਪਾਰਟੀ ਉਮੀਦਵਾਰਾਂ ਨੂੰ ਜਤਾਉਣ ਲਈ ਸੰਸਦ ਮੈਂਬਰ ਨੇ ਪੂਰੀ ਵਾਹ ਲਾਈ ਸੀ।
ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਮਾਨਸਾ ਜ਼ਿਲ੍ਹਾ ਪ੍ਰਧਾਨ ਪ੍ਰੇਮ ਅਰੋੜਾ ਬੁਰੀ ਤਰ੍ਹਾਂ ਹਾਰੇ ਹਨ। ਸ੍ਰੀ ਅਰੋੜਾ ਮੁਕਾਬਲੇ ਵਿੱਚ ਤੀਸਰੇ ਸਥਾਨ ’ਤੇ ਆਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੌੜ ਤੋਂ ਉਮੀਦਵਾਰ ਜਗਮੀਤ ਸਿੰਘ ਬਰਾੜ, ਸਰਦੂਲਗੜ੍ਹ ਤੋਂ ਬਲਵਿੰਦਰ ਸਿੰਘ ਭੂੰਦੜ ਦੇ ਪੁੱਤਰ ਤੇ ਮੌਜੂਦਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਅਤੇ ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਇਸੇ ਤਰ੍ਹਾਂ ਹਲਕਾ ਭੂੱਚੋ ਮੰਡੀ ਤੋਂ ਦਰਸ਼ਨ ਸਿੰਘ ਕੋਟਫੱਤਾ, ਬਠਿੰਡਾ ਦਿਹਾਤੀ ਰਾਖਵਾਂ ਤੋਂ ਪ੍ਰਕਾਸ਼ ਸਿੰਘ ਭੱਟੀ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਬੁਢਲਾਡਾ ਹਲਕੇ ਤੋਂ ਡਾ. ਨਿਸ਼ਾਨ ਸਿੰਘ ਵੱਡੇ ਫਰਕ ਨਾਲ ਚੋਣ ਹਾਰੇ ਹਨ। ਡਾ. ਨਿਸ਼ਾਨ ਸਿੰਘ 51 ਹਜ਼ਾਰ 691 ਵੋਟਾਂ ਨਾਲ ਚੋਣ ਹਾਰ ਗਏ ਹਨ, ਜਦਕਿ ਕਈ ਥਾਵਾਂ ’ਤੇ 50 ਹਜ਼ਾਰ ਦਾ ਅੰਤਰ ਦੱਸਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਸਾਲ 2017 ਦੌਰਾਨ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ (ਲੰਬੀ) ਤੇ ਦਿਲਰਾਜ ਸਿੰਘ ਭੂੰਦੜ (ਸਰਦੂਲਗੜ੍ਹ) ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਸਨ। ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਅਕਾਲੀ ਦਲ ਦੀ ਹਾਰ ਸਬੰਧੀ ਇਕ ਸੀਨੀਅਰ ਅਕਾਲੀ ਆਗੂ ਨੇ ਮੰਨਿਆ ਕਿ ਹਰਸਿਮਰਤ ਵੱਲੋਂ ਅੱਗੇ ਕੀਤੇ ਆਗੂਆਂ ਨੇ ਹੀ ਪਾਰਟੀ ਦਾ ਇਹ ਹਾਲ ਕੀਤਾ ਹੈ।