ਚਰਨਜੀਤ ਭੁੱਲਰ
ਚੰਡੀਗੜ੍ਹ, 30 ਮਈ
ਪੰਜਾਬ ਵਿੱਚ ਜਿੱਧਰ ਨਿਗ੍ਹਾ ਮਾਰੋ, ਹਰ ਪਾਸੇ ਸੰਨਾਟਾ ਛਾਇਆ ਹੈ। ਕਿਧਰੇ ਭਾਵੁਕਤਾ ਦਾ ਵਹਿਣ ਹੈ, ਕਿਧਰੇ ਸੰਵੇਦਨਾ ਤੇ ਕਿਧਰੇ ਸਹਿਮ ਭਾਰੂ ਹੈ। 29 ਵਰ੍ਹਿਆਂ ਦਾ ਨੌਜਵਾਨ ਸਿੱਧੂ ਮੂਸੇਵਾਲਾ, ਸਿਰਫ਼ ਗਾਇਕ ਨਹੀਂ ਇੱਕ ਸਿਆਸੀ ਆਗੂ ਵੀ ਸੀ। ਮਾਪਿਆਂ ਦੇ ਇਕਲੌਤੇ ਪੁੱਤ ਦਾ ਇੰਨੀ ਬੇਰਹਿਮੀ ਨਾਲ ਕਤਲ ਹੋਣਾ ਕਿਸੇ ਕੋਲੋਂ ਵੀ ਝੱਲਿਆ ਨਹੀਂ ਜਾ ਰਿਹਾ। ਮਾਨਸਾ ਦੇ ਪਿੰਡ ਮੂਸਾ ਵਿੱਚ ਅੱਜ ਦਿਨ ਚੜ੍ਹਦੇ ਹੀ ਵੱਡੀ ਗਿਣਤੀ ਲੋਕਾਂ ਦੀ ਆਮਦ ਸ਼ੁਰੂ ਹੋ ਗਈ। ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਕੈਨੇਡਾ ਤੇ ਆਸਟ੍ਰੇਲੀਆ ਸਣੇ ਕਈ ਮੁਲਕਾਂ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਉਸ ਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢੇ। ਮਾਹੌਲ ਇਸ ਕਦਰ ਉਦਾਸ ਹੈ ਕਿ ਅੱਜ ਮਾਨਸਾ ਸ਼ਹਿਰ ਦੇ ਸਾਰੇ ਬਾਜ਼ਾਰ ਆਪ ਮੁਹਾਰੇ ਬੰਦ ਰਹੇ। ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸਥਾਨਕ ਭਾਈਚਾਰੇ ਵਿੱਚ ਇਸ ਘਟਨਾ ਮਗਰੋਂ ਦਹਿਲ ਤੇ ਸਹਿਮ ਹੈ, ਜਿਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸੁਰੱਖਿਆ ਵਾਪਸ ਲੈਣ ਕਰਕੇ ਕੁਝ ਲੋਕ ‘ਆਪ’ ਸਰਕਾਰ ਨਾਲ ਵੀ ਨਾਰਾਜ਼ ਹਨ। ਕੌਮਾਂਤਰੀ ਸਫ਼ਾਂ ’ਚ ਗੂੰਜਣ ਵਾਲੇ ਸਿੱਧੂ ਮੂਸੇਵਾਲਾ ਨੇ ਸਦਾ ਪਿੰਡ ਵਿੱਚ ਰਹਿਣ ਨੂੰ ਹੀ ਤਰਜੀਹ ਦਿੱਤੀ। ਖੇਤੀ ਤੇ ਟਰੈਕਟਰ ਨਾਲੋਂ ਉਸ ਦਾ ਪਿਆਰ ਕਦੇ ਨਾ ਟੁੱਟਿਆ। ਵਿਧਾਨ ਸਭਾ ਚੋਣਾਂ ’ਚ ਬੇਸ਼ੱਕ ਕਾਂਗਰਸੀ ਉਮੀਦਵਾਰ ਵਜੋਂ ਉਹ ਚੋਣ ਹਾਰ ਗਿਆ ਸੀ, ਪਰ ਹਾਲੇ ਵੀ ਉਹ ਵੱਡੀ ਗਿਣਤੀ ਲੋਕਾਂ ਦੇ ਦਿਲਾਂ ’ਤੇ ਰਾਜ ਕਰਦਾ ਹੈ। ਚੋਣ ਪ੍ਰਚਾਰ ਦੌਰਾਨ ਇੱਕ ਵਾਰ ਉਸ ਆਖਿਆ ਸੀ, ‘ਮੈਂ ਇੱਥੇ ਪਿੰਡ ’ਚ ਜੰਮਿਆ, ਪਿੰਡ ’ਚ ਹੀ ਰਹਿਣੈ ਤੇ ਏਥੇ ਹੀ ਮਰਨਾ ਹੈ।’ ਸਹਿਜ ਸੁਭਾਅ ਮੂੰਹੋਂ ਬੋਲੇ ਇਹ ਬੋਲ ਅੱਜ ਉਸ ਲਈ ਸੱਚ ਸਾਬਤ ਹੋ ਗਏ ਹਨ। ਇਸ ਗਾਇਕ ਦੀ ਮੌਤ ’ਤੇ ਸਭ ਵਰਗਾਂ ਨੇ ਨਿੱਜੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ’ਤੇ ਸੋਗ ਮਨਾਇਆ ਹੈ। ਸਿੱਧੂ ਮੂਸੇਵਾਲਾ ਦੀ ਉਮਰ ਕੋਈ ਬਹੁਤੀ ਨਹੀਂ ਸੀ ਤੇ ਏਨੀ ਛੋਟੀ ਉਮਰ ਵਿੱਚ ਪ੍ਰਸਿੱਧੀ ਹਾਸਲ ਕਰਨਾ ਵੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਇਹੀ ਕਾਰਨ ਹੈ ਕਿ ਉਸ ਦੀ ਮੌਤ ’ਤੇ ਹਰ ਸ਼ਖ਼ਸ ਦੀ ਅੱਖ ਨਮ ਹੈ। ਉਸ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਉਸ ਦੇ ਗੀਤਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਇਸ ਬੇਵਕਤੀ ਮੌਤ ਨੇ ਦੁਖ ਪਹੁੰਚਾਇਆ ਹੈ। ਕਈਆਂ ਨੂੰ ਅਫਸੋਸ ਹੈ ਕਿ ਬੰਦੂਕ ਕਲਚਰ ਦੀ ਤਰਫ਼ਦਾਰੀ ਕਰਨਾ, ਅਖੀਰ ਉਸ ’ਤੇ ਹੀ ਭਾਰੂ ਪੈ ਗਿਆ ਹੈ। ਇਸ ਘਟਨਾ ਨਾਲ ‘ਆਪ’ ਸਰਕਾਰ ਕਟਹਿਰੇ ਵਿੱਚ ਆ ਖੜ੍ਹੀ ਹੈ। ਸਿਆਸੀ ਆਗੂ ਤੇ ਹੋਰਨਾਂ ਸੰਗਠਨਾਂ ਦੇ ਨੁਮਾਇੰਦੇ ਪਿੰਡ ਮੂਸਾ ਪਹੁੰਚਣੇ ਸ਼ੁਰੂ ਹੋ ਗਏ ਹਨ ਤੇ ਪੰਜਾਬ ਦੀ ਸਿਆਸਤ ਇੱਕ ਵਾਰ ਮੁੜ ਭਖ ਗਈ ਹੈ। ਇਸ ਘਟਨਾ ਨੇ ‘ਆਪ’ ਸਰਕਾਰ ਦੇ ‘ਰੰਗਲਾ ਪੰਜਾਬ’ ਦੇ ਸੁਫ਼ਨੇ ਨੂੰ ਵੀ ਧੱਕਾ ਲਾਇਆ ਹੈ। ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਚਿੱਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਫੌਰੀ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ‘ਆਪ’ ਸਰਕਾਰ ਲਈ ਇਹ ਪਰਖ ਦਾ ਸਮਾਂ ਹੈ। ਮਾਪਿਆਂ ਦਾ ਗੁਆਚਿਆ ਪੁੱਤ ਨਹੀਂ ਮੁੜਨਾ, ਪਰ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਪੀੜਤ ਮਾਪਿਆਂ ਨੂੰ ਇਨਸਾਫ਼ ਦਿਵਾਇਆ ਜਾ ਸਕਦਾ ਹੈ।