ਇਕਬਾਲ ਸਿੰਘ ਸ਼ਾਂਤ
ਲੰਬੀ, 3 ਫਰਵਰੀ
ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦਾ ਆਪਣਾ ਇੱਕ ਸਿਆਸੀ ਆਭਾ ਮੰਡਲ ਹੈ। ਸ੍ਰੀ ਬਾਦਲ 1997 ਤੋਂ ਇਥੋਂ ਲਗਾਤਾਰ ਵਿਧਾਇਕ ਹਨ। ਆਖਿਆ ਜਾਂਦਾ ਕਿ ਅਕਾਲੀ ਸਰਕਾਰ ਵੇਲੇ ਸ੍ਰੀ ਬਾਦਲ ਨੇ ਲੋਕਾਂ ਦੀ ਹਰ ਮੰਗ ਤੇ ਸਮੱਸਿਆ ਦਾ ਹੱਲ ਕੱਢਿਆ। ਇਸ ਦੇ ਬਾਵਜੂਦ ਹਰਿਆਣਾ-ਰਾਜਸਥਾਨ ਹੱਦ ’ਤੇ ਪੈਂਦੇ ਨਿਰੋਲ ਪੇਂਡੂ ਇਲਾਕੇ ਇਸ ਹਲਕੇ ਦੇ ਵੱਡੇ ਦੁਖਾਂਤ ਹਨ, ਜਿਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਹਾਲੇ ਤੱਕ ਕਿਸੇ ਵੱਲੋਂ ਵੀ ਕੋਈ ਹੱਲਾ ਨਹੀਂ ਮਾਰਿਆ ਗਿਆ। ਸਗੋਂ ਬੇਰੁਜ਼ਗਾਰੀ, ਨਸ਼ਾ ਤਸਕਰੀ, ਨਸ਼ਾਖੋਰੀ, ਮੰਦਹਾਲ ਸਰਕਾਰੀ ਸਿਹਤ ਸੇਵਾਵਾਂ, ਸੇਮ, ਸਾਫ਼ ਪਾਣੀ ਦੀ ਅਣਹੋਂਦ, ਹਜ਼ਾਰਾਂ ਨੀਲੇ ਕਾਰਡਾਂ ਦੀ ਕਟੌਤੀ, ਲੋੜਵੰਦਾਂ ਦੀ ਨਾ-ਸੁਣਵਾਈ, ਭ੍ਰਿਸ਼ਟਾਚਾਰ, ਲਾਪਰਵਾਹ ਪ੍ਰਸ਼ਾਸਨ ਤੇ ਸਿਆਸੀ ਇੱਛਾ ਸ਼ਕਤੀ ਦੀ ਘਾਟ ਕਰਕੇ ਸਥਾਨਕ ਲੋਕ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਹਨ।
ਸ੍ਰੀ ਬਾਦਲ ਹਲਕੇ ਦੇ ਪਿੰਡ-ਪਿੰਡ ਨੂੰ ਹੱਥੀਂ ਸੰਵਾਰਨ ਦਾ ਦਾਅਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹੋਰਨਾਂ ਖੇਤਰਾਂ ’ਚ ਇੱਕ ਪਿੰਡ ਦੇ ਵਿਕਾਸ ਜਿੰਨਾ ਸਰਕਾਰੀ ਫੰਡ, ਲੰਬੀ ਹਲਕੇ ਦੀ ਇੱਕ-ਇੱਕ ਗਲੀ ’ਤੇ ਖਰਚ ਹੋਇਆ ਹੈ। ਪੱਕੀਆਂ ਗਲੀਆਂ ਨੁਹਾਰ ਪੱਖੋਂ ਚੰਡੀਗੜ੍ਹ ਨੂੰ ਮਾਤ ਪਾਉਂਦੀਆਂ ਹਨ। ਸੇਮ ਦੇ ਹੱਲ ਲਈ ਵੱਡੇ ਉਪਰਾਲੇ ਕੀਤੇੇ ਗਏ। ਅਕਾਲੀ ਸਰਕਾਰ ’ਚ 15 ਹਜ਼ਾਰ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਲਗਪਗ 50 ਕਰੋੜ ਰੁਪਏ ਦਿੱਤੇ ਗਏ। ਪੱਕੇ ਖਾਲ, ਹਜ਼ਾਰਾਂ ਮੋਟਰ ਕੁਨੈਕਸ਼ਨ ਤੇ ਸਿੰਜਾਈ ਸਿਸਟਮ ਨੂੰ ਪਾਈਪ ਸਿਸਟਮ ’ਚ ਤਬਦੀਲ ਕੀਤਾ ਅਤੇ ਪਿੰਡਾਂ ’ਚ ਆਰਓ ਲਗਵਾਏ।
ਕਾਂਗਰਸ ਸਰਕਾਰ ਆਉਣ ’ਤੇ ਬਹੁਤੇ ਪਿੰਡਾਂ ’ਚ ਲੱਗੇ ਆਰਓ ਬੰਦ ਹੋ ਗਏ। ਹੁਣ ਹਲਕੇ ’ਚ ਸਿਹਤ ਸੇਵਾਵਾਂ ਦਾ ਮੰਦਾ ਹਾਲ ਹੈ। ਬਹੁਤ ਥਾਂਵਾਂ ’ਤੇ ਸਟਾਫ਼ ਅਤੇ ਸਾਮਾਨ ਦੀ ਘਾਟ ਹੈ। ਕਿਸਾਨਾਂ ਮੁਤਾਬਕ ਕਾਂਗਰਸ ਸਰਕਾਰ ’ਚ ਸੇਮ ਨਾਲਿਆਂ ’ਤੇ ਲੱਗੀਆਂ ਮੋਟਰ ਬੰਦ ਕਰ ਦਿੱਤੀਆਂ ਅਤੇ ਸੇਮ ਨਾਲਿਆਂ ਦੀ ਸਫਾਈ ਨਹੀਂ ਹੋਈ। ਕਾਗਜ਼ਾਂ ’ਚ ਛੱਪੜਾਂ ਦੀ ਸਫ਼ਾਈ ਵੀ ਕਈ ਵਾਰ ਹੋਈ, ਪਰ ਹਕੀਕਤ ਉਲਟ ਹੈ। ਪਿੰਡ ਮਿੱਡਾ, ਰੱਤਾ ਖੇੜਾ (ਵੱਡਾ), ਰੱਤਾ ਖੇੜਾ (ਛੋਟਾ), ਬੋਦੀਵਾਲਾ, ਮੋਹਲਾਂ, ਰਾਣੀਵਾਲਾ, ਸਰਾਵਾਂ ਅਤੇ ਕਰਮਪੱਟੀ ਦੇ ਇਲਾਵਾ ਲੰਬੀ ਬੈਲਟ ’ਚ ਬਨਵਾਲਾ, ਕੱਖਾਂਵਾਲੀ, ਪੰਜਾਵਾ, ਫਤਿਹਪੁਰ, ਚੰਨੂ ਸਮੇਤ ਕਾਫ਼ੀ ਪਿੰਡ ਸੇਮ ਦੀ ਮਾਰ ਹੇਠ ਹਨ।
2107 ’ਚ ਅਮਰਿੰਦਰ ਸਿੰਘ ਦੇ ਕਵਰਿੰਗ ਉਮੀਦਵਾਰ ਰਹੇ ਗੁਰਮੀਤ ਸਿੰਘ ਖੁੱਡੀਆਂ ਸਾਢੇ ਚਾਰ ਸਾਲ ਤੱਕ ‘ਹਲਕਾ ਇੰਚਾਰਜੀ’ ਵਾਲਾ ਸੁੱਖ ਭੋਗਣ ਮਗਰੋਂ ਹੁਣ ‘ਆਪ’ ਵੱਲੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਦੀ ਹਲਕੇ ਨੂੰ ਸਿੱਖਿਆ ਪ੍ਰਤੀ ਕੋਈ ਵੱਡੀ ਦੇਣ ਨਹੀਂ। ਨੌਜਵਾਨਾਂ ਦੇ ਰੁਜ਼ਗਾਰ ਲਈ ਕੋਈ ਵੱਡਾ ਪ੍ਰਾਜੈਕਟ ਨਹੀਂ ਲਗਾਇਆ ਗਿਆ। ਨੌਕਰੀਆਂ ਚਹੇਤਿਆਂ ਨੂੰ ਦਿੱਤੀਆਂ। ਗੁਰਮੀਤ ਖੁੱਡੀਆਂ ਨੇ ਕਾਂਗਰਸ ਸਰਕਾਰ ’ਚ ਹੰਢਾਏ ਹਲਕਾ ਇੰਚਾਰਜ਼ੀ ਦਾ ਸੁੱਖ-ਲੁਤਫ਼ ਤੇ ਪ੍ਰਸ਼ਾਸਨੀ ’ਚ ਦਬਦਬੇ ’ਤੇ ਆਖਿਆ ਕਿ ਕਵਰਿੰਗ ਉਮੀਦਵਾਰ ਹੋਣ ਕਾਰਨ ਉਹ ਅਫ਼ਸਰਾਂ ਦੇ ਮੂੰਹ ਮੁਲ੍ਹਾਜੇ ਕਾਰਨ ਸਟੇਜ ’ਤੇ ਕੇਂਦਰੀ ਵਿੱਤ ਕਮਿਸ਼ਨ ਗਰਾਂਟਾਂ ਦੇ ਚੈੱਕ ਵੰਡਦੇ ਸਨ। ਉਨ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਸੀ। ਸਿਆਸੀ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸ੍ਰੀ ਖੁੱਡੀਆਂ ਦਾ ਹਲਕੇ ਦੀ ਜ਼ਮੀਨੀ ਸਮੱਸਿਆਵਾਂ ਨਾਲੋਂ ਵੱਧ ਜ਼ੋਰ ਸਿਆਸੀ ਰੁਤਬੇ ਦੀ ਮੰਗ ’ਤੇ ਲੱਗਿਆ ਰਿਹਾ। ਕਾਂਗਰਸ ਉਮੀਦਵਾਰ ਜਗਪਾਲ ਸਿੰਘ ਅਬੁੱਲਖੁਰਾਣਾ ਦਾ ਕਹਿਣਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਵਿਧਾਇਕ ਇਨ੍ਹਾਂ ਪੰਜ ਸਾਲਾਂ ’ਚ ਹਲਕੇ ਪ੍ਰਤੀ ਕੋਈ ਉਪਰਾਲਾ ਨਹੀਂ ਕੀਤਾ। ਕਦੇ ਵਿਧਾਨਸਭਾ ’ਚ ਪੈਰ ਵੀ ਨਹੀਂ ਪਾਇਆ ਤੇ ਨਾ ਲੰਬੀ ਦੇ ਮਸਲਿਆਂ ਪ੍ਰਤੀ ਆਵਾਜ਼ ਉਠਾਈ। ਕਾਂਗਰਸ ਸਰਕਾਰ ਦੀ ਪ੍ਰਾਪਤੀਆਂ ਪੁੱਛਣ ’ਤੇ ਅਬੁੱਲਖੁਰਾਣਾ ਨੇ ਕਿਹਾ ਕਿ ਸਾਢੇ ਚਾਰ ਸਾਲ ਕਾਂਗਰਸ ਵੱਲੋਂ ਹਲਕਾ ਇੰਚਾਰਜ਼ ਗੁਰਮੀਤ ਸਿੰਘ ਖੁੱਡੀਆਂ ਸਨ, ਉਨ੍ਹਾਂ (ਖੁੱਡੀਆਂ) ਦਾ ਮੰਗਾਂ-ਮਸਲੇ ਚੁੱਕਣ ਦਾ ਫਰਜ਼ ਬਣਦਾ ਸੀ।
ਭਾਜਪਾ ਉਮੀਦਵਾਰ ਰਾਕੇਸ਼ ਧੀਂਗੜਾ ਦਾ ਕਹਿਣਾ ਹੈ ਕਿ ਹਲਕੇ ’ਚ 4-5 ਏਕੜ ’ਚ ਬਣੇ ਸਰਕਾਰੀ ਹਸਪਤਾਲ ਮਹਿਜ਼ ਇਮਾਰਤੀ ਖੰਡਰ ਹਨ, ਜਿੱਥੇ ਸਿਹਤ ਸੇਵਾਵਾਂ ਲਗਪਗ ਜ਼ੀਰੋ ਹਨ। ਪਿੰਡਾਂ ’ਚ ਆਰ. ਬੰਦ ਪਏ ਹਨ। ਨਸ਼ਿਆਂ ਤੋਂ ਛੁਟਕਾਰੇ ਲਈ ਖੇਡਾਂ ਨੂੰ ਉਤਸਾਹਤ ਕਰਨ ਲਈ ਹਲਕੇ ’ਚ ਵੱਡੀ ਖੇਡ ਹੱਬ ਬਣਨੀ ਚਾਹਾਦੀ ਹੈ।
“ਇੱਕ ਪਿੰਡ ਜਿੰਨਾ ਸਰਕਾਰੀ ਫੰਡ, ਲੰਬੀ ਹਲਕੇ ਦੀ ਇੱਕ-ਇੱਕ ਗਲੀ ’ਤੇ ਖਰਚ ਹੋਇਆ ਹੈ।”
-ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ |
“ਬਾਦਲ ਨੇ ਵਿਧਾਨਸਭਾ ’ਚ ਪੈਰ ਨਹੀਂ ਪਾਇਆ ਤੇ ਨਾ ਲੰਬੀ ਦੇ ਮਸਲੇ ਉਭਾਰੇ।”
-ਜਗਪਾਲ ਸਿੰਘ ਅਬੁੱਲਖੁਰਾਣਾ, ਕਾਂਗਰਸ |
“ਪ੍ਰਕਾਸ਼ ਸਿੰਘ ਬਾਦਲ ਦੀ ਹਲਕੇ ਨੂੰ ਸਿੱਖਿਆ ਪ੍ਰਤੀ ਕੋਈ ਵੱਡੀ ਦੇਣ ਨਹੀਂ।”
-ਗੁਰਮੀਤ ਸਿੰਘ ਖੁੱਡੀਆਂ, (‘ਆਪ’ ਉਮੀਦਵਾਰ) |