ਜਗਤਾਰ ਸਿੰਘ ਲਾਂਬਾ/ਦਲਬੀਰ ਸੱਖੋਵਾਲੀਆ
ਅੰਮ੍ਰਿਤਸਰ/ਬਟਾਲਾ, 22 ਸਤੰਬਰ
ਸ੍ਰੀ ਗੁਰੂ ਨਾਨਕ ਦੇਵ ਦਾ ਜੋਤੀ ਜੋਤਿ ਸਮਾਉਣ ਦਿਵਸ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲੀ ਵਾਰ ਗੁਰਦੁਆਰੇ ਤੋਂ ਸਰਹੱਦ ’ਤੇ ਜ਼ੀਰੋ ਲਾਈਨ ਤੱਕ ਨਗਰ ਕੀਰਤਨ ਵੀ ਸਜਾਇਆ ਗਿਆ। ਨਗਰ ਕੀਰਤਨ ਦੀ ਖ਼ਬਰ ਡੇਰਾ ਬਾਬਾ ਨਾਨਕ ਪੁੱਜੀ ਤਾਂ ਇੱਧਰ ਵੀ ਸੰਗਤ ਨੇ ਜ਼ੀਰੋ ਲਾਈਨ ਕੋਲ ਧੁੱਸੀ ਬੰਨ੍ਹ ’ਤੇ ਖੜ੍ਹ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਇਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਕਾਫ਼ ਬੋਰਡ ਦੀ ਮਦਦ ਨਾਲ ਇੱਥੇ ਤਿੰਨ ਦਿਨਾਂ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਬੰਧ ਵਿੱਚ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਪੀਜੀਪੀਸੀ ਨੇ ਇਸ ਸਬੰਧੀ ਆਪਣੀ ਵੈੱਬਸਾਈਟ ’ਤੇ ਵੀ ਸਮਾਗਮ ਦਾ ਜ਼ਿਕਰ ਕੀਤਾ ਹੈ। ਗੁਰਦੁਆਰੇ ਵਿਚ ਸਮਾਗਮ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਰਹੱਦ ਵੱਲ ਰਵਾਨਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੱਸ ਰੂਪੀ ਪਾਲਕੀ ਵਿਚ ਪ੍ਰਕਾਸ਼ ਕੀਤਾ ਗਿਆ ਸੀ। ਇਸ ਦੇ ਅੱਗੇ ਖੁੱਲ੍ਹੇ ਵਾਹਨ ’ਚ ਪੰਜ ਪਿਆਰੇ ਅਤੇ ਨਿਸ਼ਾਨਚੀ ਸਵਾਰ ਸਨ। ਸੰਗਤ ਬੱਸਾਂ ਵਿਚ ਸਵਾਰ ਹੋ ਕੇ ਸਰਹੱਦ ਤੱਕ ਪੁੱਜੀ, ਜਿੱਥੇ ਖੜ੍ਹੇ ਹੋ ਕੇ ਸਰਹੱਦ ਪਾਰ ਗੁਰਦੁਆਰਾ ਡੇਰਾ ਬਾਬਾ ਨਾਨਕ ਨੂੰ ਸਿਜਦਾ ਕੀਤਾ ਗਿਆ ਅਤੇ ਨਗਰ ਕੀਰਤਨ ਵਾਪਸ ਗੁਰਦੁਆਰਾ ਕਰਤਾਰਪੁਰ ਲਈ ਰਵਾਨਾ ਹੋ ਗਿਆ। ਸਮਾਗਮ ਵਿੱਚ ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ, ਗੁਰਦੁਆਰੇ ਦੇ ਗ੍ਰੰਥੀ ਭਾਈ ਗੋਬਿੰਦ ਸਿੰਘ ਤੇ ਹੋਰ ਸਿੱਖ ਆਗੂ ਹਾਜ਼ਰ ਸਨ।