ਦੇਸਰਾਜ/ਦਲਬੀਰ ਸੱਖੋਵਾਲੀਆ
ਸੁਲਤਾਨਪੁਰ ਲੋਧੀ/ਬਟਾਲਾ, 2 ਸਤੰਬਰ
ਮਨੁੱਖਤਾ ਦੇ ਰਹਬਿਰ ਬਾਬੇ ਨਾਨਕ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸਤਿਕਰਤਾਰੀਆ ਬਟਾਲਾ ਤੱਕ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੈ ਕੀਤੀ।
ਨਗਰ ਕੀਰਤਨ ਜੈਕਾਰਿਆਂ ਨਾਲ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਇਆ ਅਤੇ ਤਲਵੰਡੀ ਚੌਧਰੀਆਂ, ਮੁੰਡੀ ਮੋੜ, ਫੱਤੂ ਢੀਂਗਾ ਤੇ ਹੋਰਨਾਂ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਬਟਾਲਾ ਨੂੰ ਰਵਾਨਾ ਹੋਇਆ। ਗੁਰਦੁਆਰਾ ਬੇਰ ਸਾਹਿਬ ਵਿੱਚ ਸੰਤ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਸਰਵਣ ਸਿੰਘ ਕੁਲਾਰ ਤੇ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਨਗਰ ਕੀਰਤਨ ਰਵਾਨਾ ਕੀਤਾ। ਇਸ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਬੱਸਾਂ, ਕਾਰਾਂ, ਟਰੈਕਟਰ-ਟਰਾਲੀਆਂ ਤੇ ਮੋਟਰਸਾਈਕਲਾਂ ’ਤੇ ਵੱਡੀ ਗਿਣਤੀ ਸੰਗਤ ਨਗਰ ਕੀਰਤਨ ਵਿੱਚ ਸ਼ਾਮਲ ਹੋਈ। ਗੱਤਕਾ ਪਾਰਟੀਆਂ ਵੱਲੋਂ ਜੌਹਰ ਵਿਖਾਏ ਗਏ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤ ਵੱਲੋਂ ਥਾਂ ਥਾਂ ’ਤੇ ਚਾਹ, ਪਕੌੜੇ, ਮਠਿਆਈਆਂ, ਫਲਾਂ ਅਤੇ ਪਾਣੀ ਦੇ ਲੰਗਰ ਲਗਾਏ ਗਏ ਸਨ। ਦੇਰ ਸ਼ਾਮ ਬਟਾਲਾ ਪਹੁੰਚੇ ਪਹਿਲੀ ਪਾਤਸ਼ਾਹੀ ਦੇ ਬਰਾਤ ਰੂਪੀ ਨਗਰ ਕੀਤਰਨ ਦਾ ਸਵਾਗਤ ਸੰਗਤ ਵੱਲੋਂ ਖਾਲਸਈ ਜੈਕਾਰਿਆਂ ਨਾਲ ਕੀਤਾ ਗਿਆ। ਇਹ ਨਗਰ ਕੀਰਤਨ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸਵੇਰੇ ਰਵਾਨਾ ਹੋਇਆ ਸੀ। ਨਗਰ ਕੀਰਤਨ ਦੀ ਉਡੀਕ ਕਰ ਰਹੀ ਸੰਗਤ ਵੱਲੋਂ ਅੱਜ ਜਲੰਧਰ-ਬਟਾਲਾ ਮਾਰਗ ਦੇ ਦੋਵੇਂ ਪਾਸੇ ਖੜ੍ਹ ਕੇ ਫੁੱਲਾਂ ਦੀ ਬਰਖਾ ਕੀਤੀ ਤੇ ਆਤਿਸ਼ਬਾਜ਼ੀਆਂ ਚਲਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਬੀਬੀਆਂ ਨੇ ਗੁਰੂ ਨਾਨਕ ਦੇਵ ਦੇ ਵਿਆਹ ਨਾਲ ਸਬੰਧਤ ਸ਼ਬਦ ਵੀ ਗਾਏ।
ਬਟਾਲਾ ਤੋਂ ‘ਆਪ’ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਹੋਰਨਾਂ ਆਗੂਆਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਇਸ ਤੋਂ ਪਹਿਲਾਂ ਮਹਿਤਾ ਤੋਂ ਬਟਾਲਾ ਆਉਣ ਵੇਲੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ, ਬਲਬੀਰ ਸਿੰਘ ਬਾਠ, ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਇਚਾਰਜ ਰਾਜਨਬੀਰ ਸਿੰਘ ਘੁਮਾਣ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ ਤੇ ਹੋਰ ਆਗੂਆਂ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ।