ਪੱਤਰ ਪ੍ਰੇਰਕ
ਜਗਰਾਉਂ, 15 ਜਨਵਰੀ
ਸੰਪਰਦਾ ਨਾਨਕਸਰ ਦੇ ਸੇਵਾਦਾਰ ਬਾਬਾ ਲੱਖਾ ਸਿੰਘ ’ਤੇ ਸਰਕਾਰ ਪੱਖੀ ਹੋਣ ਦੇ ਲੱਗ ਰਹੇ ਦੋਸ਼ਾਂ ਮਗਰੋਂ ਉਨ੍ਹਾਂ ਨੇ ਅੱਜ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਆਪਣਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਬਾਬਾ ਲੱਖਾ ਸਿੰਘ ਦੀ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ ਦੀ ਵੀਡੀਓ ਵਾਇਰਲ ਹੋਣ ਮਗਰੋਂ ਉਨ੍ਹਾਂ ’ਤੇ ਸਰਕਾਰ ਪੱਖੀ ਹੋਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸਨ ਅਤੇ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਸਬੰਧੀ ਲੋਕ ਰੋਹ ਨੂੰ ਦੇਖਦਿਆਂ ਬਾਬਾ ਲੱਖਾ ਸਿੰਘ ਨੇ ਵੱਖ-ਵੱਖ ਤਰੀਕੇ ਨਾਲ ਸਪੱਸ਼ਟੀਕਰਨ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਹਿਤ ਅੱਜ ਉਨ੍ਹਾਂ ਵੱਲੋਂ ਖੇਤੀ ਕਾਨੂੰਨ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਤੋਂ ਪਹਿਲਾਂ ਵੀ ਉਹ ਮੁੱਖ ਦਰਬਾਰ ਦੇ ਇੱਕ ਪਾਸੇ ਅੰਡਰ-ਗਰਾਊਂਡ ਉਸਾਰੀ ਦੇ ਮਾਮਲੇ ’ਚ ਵਿਵਾਦਾਂ ਵਿੱਚ ਰਹੇ ਸਨ। ਹੁਣ ਉਨ੍ਹਾਂ ਨੇ ਖੇਤੀ ਮੰਤਰੀ ਨਾਲ ਮੁਲਾਕਾਤ ਕਰਕੇ ਨਵਾਂ ਵਿਵਾਦ ਖੜ੍ਹਾ ਕਰ ਲਿਆ ਸੀ।