ਜਸਵੰਤ ਜੱਸ
ਫ਼ਰੀਦਕੋਟ, 30 ਜੁਲਾਈ
ਇਥੋਂ ਦੀ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ। ਉਹ ਪਿਛਲੇ ਨੌਂ ਸਾਲ ਤੋਂ ਇਸ ਅਹੁਦੇ ਉਪਰ ਸਨ। ਇਸ ਦੇ ਨਾਲ ਹੀ ਵਾਈਸ ਚਾਂਸਲਰ ਦੇ ਸਕੱਤਰ ਓਪੀ ਚੌਧਰੀ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਸਫ਼ਾਈ ਅਤੇ ਹੋਰ ਪ੍ਰਸ਼ਾਸਨਿਕ ਪ੍ਰਬੰਧ ਦਰੁਸਤ ਨਾ ਹੋਣ ਕਾਰਨ ਇਕ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਇਥੇ ਆ ਕੇ ਵਾਈਸ ਚਾਂਸਲਰ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਨੇ ਵਾਰਡ ਦੇ ਗੰਦੇ ਬਿਸਤਰੇ ‘ਤੇ ਵੀਸੀ ਨੂੰ ਪੈਣ ਲਈ ਕਥਿਤ ਤੌਰ ’ਤੇ ਮਜਬੂਰ ਕਰ ਦਿੱਤਾ ਸੀ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।