ਦਰਸ਼ਨ ਸਿੰਘ ਸੋਢੀ/ਡਾ. ਹਿਮਾਂਸੂ ਸੂਦ
ਐੱਸ.ਏ.ਐੱਸ. ਨਗਰ (ਮੁਹਾਲੀ)/ਫ਼ਤਹਿਗੜ੍ਹ ਸਾਹਿਬ, 12 ਮਈ
ਇਤਿਹਾਸਕ ਗੁਰਦੁਆਰਾ ਫਤਹਿ-ਏ-ਜੰਗ ਸਾਹਿਬ ਚੱਪੜਚਿੜੀ ਤੋਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ‘ਸਰਹਿੰਦ ਫਤਹਿ ਮਾਰਚ’ ਅੱਜ ਖ਼ਾਲਸਈ ਜਾਹੋ-ਜਲਾਲ ਨਾਲ ਸ੍ਰੀ ਫਤਹਿਗੜ੍ਹ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ, ਬੁੱਢਾ ਦਲ ਦੀ ਅਗਵਾਈ ਹੇਠ ਨਿਹੰਗ ਜਥੇਬੰਦੀਆਂ ਅਤੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਤਿਹਾਸਕ ਥੇਹ ਉਪਰ ਬਾਬਾ ਬਲਬੀਰ ਸਿੰਘ ਵੱਲੋਂ ਬਾਬਾ ਜੱਸਾ ਸਿੰਘ ਨੇ 5 ਨਿਸ਼ਾਨਚੀਆਂ ਦੀ ਅਗਵਾਈ ਹੇਠ ਕੇਸਰੀ ਝੰਡਾ ਲਹਿਰਾਇਆ ਗਿਆ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸਮਾਪਤੀ ਮੌਕੇ ਅਰਦਾਸ ਕੀਤੀ। ਮਾਰਚ ਵਿੱਚ ਨਿਹੰਗ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਬੈਂਡ ਤੇ ਗਤਕਾ ਪਾਰਟੀਆਂ ਨੇ ਖਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦਿਹਾੜੇ ਦੀ ਵਧਾਈ ਦਿੰਦੇ ਹੋਏ ਸੰਗਤ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਬੰਦਾ ਸਿੰਘ ਬਹਾਦਰ ਨੇ ਮੁਗਲ ਫੌਜਾਂ ਦਾ ਖ਼ਾਤਮਾ ਕਰ ਕੇ ਅਸਲ ਵਿੱਚ ਚੱਪੜਚਿੜੀ ਦੇ ਮੈਦਾਨ ਤੋਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਆਰੰਭੀ ਸੀ ਅਤੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਾਰ ਕੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ 700 ਸਾਲਾਂ ਦੀ ਗੁਲਾਮੀ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰ ਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ ਗਏ। ਐਸਜੀਪੀਸੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਤੇ ਚਰਨਜੀਤ ਸਿੰਘ ਕਾਲੇਵਾਲ, ਅਵਤਾਰ ਸਿੰਘ ਰਿਆ, ਪਰਵਿੰਦਰ ਸਿੰਘ ਸੋਹਾਣਾ, ਅਵਤਾਰ ਸਿੰਘ ਸੈਂਪਲਾ, ਰਜਿੰਦਰ ਸਿੰਘ ਟੌਹੜਾ ਅਤੇ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਤਿਹਾਸਕ ਯਾਦਗਾਰੀ ਦਿਹਾੜੇ ਦੀ ਯਾਦ ਵਿੱਚ ਇਹ ਖ਼ਾਲਸਾ ਮਾਰਚ ਕੱਢਿਆ ਗਿਆ ਹੈ। ਨਗਰ ਕੀਰਤਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਰਿਆ, ਮੈਨੇਜਰ ਭਗਵੰਤ ਸਿੰਘ, ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਦੂਖ ਨਿਵਾਰਨ ਸਾਹਿਬ ਦੇ ਮੈਨੇਜਰ ਨੱਥਾ ਸਿੰਘ, ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਮੀਤ ਮੈਨੇਜਰ ਜਰਨੈਲ ਸਿੰਘ, ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਜਰਨੈਲ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਸਮਾਣਾ ਇੰਚਾਰਜ ਸੂਚਨਾ ਕੇਦਰ ਆਦਿ ਨੇ ਸ਼ਿਰਕਤ ਕੀਤੀ। ਜਥੇਦਾਰ ਪੰਜੋਲੀ ਨੇ ਦੱਸਿਆ ਕਿ 13 ਮਈ ਨੂੰ ਸਾਮ 4 ਵਜੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿੱਚ ਗੱਤਕਾ ਮੁਕਾਬਲੇ ਅਤੇ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਗੁਰਮਤਿ ਸਮਾਗਮ ਹੋਵੇਗਾ ਜਦੋਂਕਿ 14 ਮਈ ਨੂੰ ਦੁਪਹਿਰ 12 ਵਜੇ ਤੋਂ ਢਾਡੀ ਦਰਬਾਰ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਨਗਰ ਕੀਰਤਨ ਦੀ ਆਰੰਭਤਾ ਮੌਕੇ ਗਿਆਨੀ ਹਰਪਾਲ ਸਿੰਘ ਨੇ ਅਰਦਾਸ ਕੀਤੀ।