ਜਸਵੰਤ ਜੱਸ
ਫ਼ਰੀਦਕੋਟ, 31 ਅਗਸਤ
ਪੰਜਾਬ ਸਰਕਾਰ ਨੇ ਫ਼ਰੀਦਕੋਟ ਦੇ ਇਤਿਹਾਸਕ ਬ੍ਰਿਜਿੰਦਰਾ ਕਾਲਜ ਵਿੱਚ ਪਿਛਲੇ ਪੰਜਾਹ ਸਾਲਾਂ ਤੋਂ ਚੱਲ ਰਹੀ ਬੀਐੱਸਸੀ ਖੇਤੀਬਾੜੀ ਦੀ ਡਿਗਰੀ ਨੂੰ ਇਸ ਸੈਸ਼ਨ ਤੋਂ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਖੇਤੀਬਾੜੀ ਕੌਂਸਲ ਨੇ ਕਾਲਜ ਵਿੱਚ ਬੀਐੱਸਸੀ ਦੀ ਪੜ੍ਹਾਈ ਲਈ ਲੋੜੀਂਦੀਆਂ ਸਹੂਲਤਾਂ ਨਾ ਹੋਣ ਕਾਰਨ ਦਾਖਲੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਦਾ ਕਾਲਜ ਦੇ ਵਿਦਿਆਰਥੀਆਂ ਤੇ ਸ਼ਹਿਰ ਵਾਸੀਆਂ ਨੇ ਵੱਡੇ ਪੱਧਰ ’ਤੇ ਵਿਰੋਧ ਕਰਦਿਆਂ ਅੱਜ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਵੀ ਸਾੜੀ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਜਿੰਦਰਾ ਕਾਲਜ ਵਿੱਚ ਖੇਤੀਬਾੜੀ ਦੀਆਂ 100 ਸੀਟਾਂ ਹਨ, ਪਰ ਕਾਲਜ ਕੋਲ ਪੜ੍ਹਾਈ ਲਈ ਲੋੜੀਂਦੀ 25 ਏਕੜ ਜ਼ਮੀਨ ਨਹੀਂ ਹੈ। ਇਸ ਤੋਂ ਇਲਾਵਾ 12 ਪ੍ਰੋਫ਼ੈਸਰ ਵੀ ਪਿਛਲੇ ਲੰਮੇ ਸਮੇਂ ਤੋਂ ਭਰਤੀ ਨਹੀਂ ਕੀਤੇ ਗਏ ਤੇ ਖੇਤੀਬਾੜੀ ਵਿਭਾਗ ਦੀ ਲੈਬਾਰਟਰੀ ਵਿੱਚ ਸਟਾਫ਼ ਅਤੇ ਸਾਜ਼ੋ-ਸਾਮਾਨ ਦੀ ਵੀ ਵੱਡੀ ਘਾਟ ਹੈ। ਦੱਸਣਯੋਗ ਹੈ ਕਿ ਅੱਠ ਮਹੀਨੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਮੰਗ ’ਤੇ ਭਰੋਸਾ ਦਿੱਤਾ ਸੀ ਕਿ ਖੇਤੀਬਾੜੀ ਦੀਆਂ ਕਲਾਸਾਂ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਹੋਣਗੀਆਂ ਪਰ ਪੰਜਾਬ ਸਰਕਾਰ ਨੇ ਵਾਅਦਾ ਕਰਨ ਦੇ ਬਾਵਜੂਦ ਬੀਐੱਸਸੀ ਖੇਤੀਬਾੜੀ ਲਈ ਲੋੜੀਂਦੀਆਂ ਸਹੂਲਤਾਂ ਕਾਲਜ ਵਿੱਚ ਮੁਹੱਈਆ ਨਹੀਂ ਕਰਵਾਈਆਂ ਗਈਆਂ ਅਤੇ ਹੁਣ ਵਿਦਿਆਰਥੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸੈਸ਼ਨ ਲਈ ਬੀਐੱਸਸੀ ਖੇਤੀਬਾੜੀ ਦੇ ਦਾਖ਼ਲੇ ਨਹੀਂ ਹੋਣਗੇ।
ਸਰਕਾਰ ਉੱਤੇ ਵਿਦਿਆਰਥੀ ਵਿਰੋਧੀ ਫ਼ੈਸਲਾ ਲੈਣ ਦਾ ਦੋਸ਼
‘ਆਪ’ ਆਗੂ ਗੁਰਦਿੱਤ ਸਿੰਘ ਸੇਖੋਂ, ਪ੍ਰੋ. ਨਰਿੰਦਰਜੀਤ ਸਿੰਘ ਬਰਾੜ, ਪੀਐੱਸਯੂ ਦੇ ਆਗੂ ਸੁਖਪ੍ਰੀਤ ਸਿੰਘ ਮੌੜ ਤੇ ਲਵਪ੍ਰੀਤ ਸਿੰਘ ਫੇਰੋਕੇ ਨੇ ਕਿਹਾ ਕਿ ਸਰਕਾਰ ਦਾ ਫ਼ੈਸਲਾ ਵਿਦਿਆਰਥੀ ਵਿਰੋਧੀ ਹੈ। ਉਨ੍ਹਾਂ ਮੰਗ ਕੀਤੀ ਕਿ ਬੀਐੱਸਸੀ ਦੀ ਪੜ੍ਹਾਈ ਬੰਦ ਕਰਨ ਦੀ ਥਾਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਪੀਐੱਸਯੂ ਦੇ ਆਗੂ ਸੁਖਪ੍ਰੀਤ ਸਿੰਘ ਮੌੜ, ਕੇਸ਼ਵ ਕੁਮਾਰ ਆਜ਼ਾਦ, ਸੁਖਜੀਤ ਸਿੰਘ ਢਿੱਲਵਾਂ ਤੇ ਹੈਪੀ ਬਰਾੜ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈ਼ਸਲਾ ਨਾ ਬਦਲਿਆ ਤਾਂ ਪੂਰੇ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।