ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਗਸਤ
ਆਯੂਸ਼ਮਾਨ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਦਾ ਇਲਾਜ ਬੰਦ ਹੋ ਗਿਆ ਹੈ ਕਿਉਂਕਿ ਇਸ ਸਕੀਮ ਅਧੀਨ ਡਾਟਾ ਐਂਟਰੀ ਅਪਰੇਟਰ ਤੇ ਹੋਰ ਮੁਲਾਜ਼ਮਾਂ ਨੂੰ ਦੋ ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਨੇ ਇਸ ਯੋਜਨਾ ਹੇਠ ਸਰਕਾਰੀ ਹਸਪਤਾਲਾਂ ’ਚ ਆਉਣ ਵਾਲੇ ਮਰੀਜ਼ਾਂ ਦੇ ਕਾਰਡਾਂ ਦੀ ਐਂਟਰੀ ਕਰਨ ਦੇ ਕੰਮ ਦਾ ਬਾਈਕਾਟ ਕਰ ਦਿੱਤਾ ਹੈ ਤੇ ਐਂਟਰੀ ਨਾ ਹੋਣ ਕਾਰਨ ਮਰੀਜ਼ ਦਾ ਇਲਾਜ ਸ਼ੁਰੂ ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ ਇਸ ਯੋਜਨਾ ਅਧੀਨ ਸਰਕਾਰੀ ਹਸਪਤਾਲਾਂ ’ਚ ਐਂਟਰੀ ਇਕ ਪ੍ਰਾਈਵੇਟ ਫਰਮ ਵੱਲੋਂ ਠੇਕੇ ’ਤੇ ਰੱਖੇ ਮੁਲਾਜ਼ਮ ਕਰਦੇ ਹਨ ਪਰ ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਜਿਸ ਕਾਰਨ ਪਰਿਵਾਰ ਪਾਲਣੇ ਔਖੇ ਹੋ ਗਏ ਹਨ। ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਸਮੇਤ ਕੁਝ ਥਾਵਾਂ ’ਤੇ ਅੱਜ ਤੋਂ ਹੀ ਇਹ ਹੜਤਾਲ਼ ਸ਼ੁਰੂ ਹੋ ਗਈ ਜਦਕਿ ਕੁਝ ਥਾਈਂ 10 ਅਤੇ ਕੁਝ ਥਾਵਾਂ ’ਤੇ 11 ਅਗਸਤ ਤੋਂ ਹੜਤਾਲ਼ ਕੀਤੀ ਜਾਵੇਗੀ।