ਚਰਨਜੀਤ ਭੁੱਲਰ
ਚੰਡੀਗੜ੍ਹ, 3 ਅਗਸਤ
ਪੰਜਾਬ ਦੇ ਸੈਂਕੜੇ ਪ੍ਰਾਈਵੇਟ ਹਸਪਤਾਲਾਂ ਵਿੱਚ ‘ਆਯੂਸ਼ਮਾਨ ਸਕੀਮ’ ਤਹਿਤ ਮਰੀਜ਼ਾਂ ਦਾ ਇਲਾਜ ਠੱਪ ਹੋ ਗਿਆ ਹੈ। ਇਸ ਸਕੀਮ ਵਾਲੇ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਲਈ ਪ੍ਰਾਈਵੇਟ ਹਸਪਤਾਲਾਂ ਨੇ ਬੂਹੇ ਬੰਦ ਕਰ ਲਏ ਹਨ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਮਰੀਜ਼ਾਂ ਦੇ ਇਲਾਜ ਬਦਲੇ ਪ੍ਰਾਈਵੇਟ ਹਸਪਤਾਲਾਂ ਦੀ ਕਰੀਬ 260 ਕਰੋੜ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ। ਇੱਕ ਅੰਦਾਜ਼ੇ ਅਨੁਸਾਰ ਪੰਜਾਬ ਦੇ ਕਰੀਬ 500 ਪ੍ਰਾਈਵੇਟ ਹਸਪਤਾਲਾਂ ਨੇ ਹੁਣ ਮਰੀਜ਼ਾਂ ਨੂੰ ਇਸ ਸਕੀਮ ਤਹਿਤ ਇਲਾਜ ਦੇਣਾ ਬੰਦ ਕਰ ਦਿੱਤਾ ਹੈ।
ਮਿਲੇ ਵੇਰਵਿਆਂ ਅਨੁਸਾਰ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਸਕੀਮ’ 20 ਅਗਸਤ 2019 ਨੂੰ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਪੰਜਾਬ ਵਿੱਚ 39.18 ਲੱਖ ਪਰਿਵਾਰਾਂ ਦਾ ਇਸ ਸਕੀਮ ਤਹਿਤ ਇਲਾਜ ਕਰਨਾ ਸੀ। ਕਰੀਬ 65 ਫ਼ੀਸਦੀ ਆਬਾਦੀ ਇਸ ਬੀਮਾ ਸਕੀਮ ਦਾ ਫ਼ਾਇਦਾ ਲੈਣ ਦੇ ਯੋਗ ਸੀ। ਇਨ੍ਹਾਂ ਵਿੱਚੋਂ 14.65 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਲਈ 60 ਫ਼ੀਸਦੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ ਜਦੋਂ ਕਿ ਬਾਕੀ 24.53 ਲੱਖ ਪਰਿਵਾਰਾਂ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ।
ਸਿਹਤ ਵਿਭਾਗ ਪੰਜਾਬ ਵੱਲੋਂ ਟੈਂਡਰ ਕਰ ਕੇ ‘ਐੱਸਬੀਆਈ ਇੰਸ਼ੋਰੈਂਸ ਕੰਪਨੀ’ ਨੂੰ ਸਿਹਤ ਬੀਮਾ ਸਕੀਮ ਤਹਿਤ 20 ਅਗਸਤ 2021 ਤੋਂ 19 ਅਗਸਤ 2022 ਦਾ ਕੰਮ ਦਿੱਤਾ ਗਿਆ ਸੀ। ਸੂਤਰ ਦੱਸਦੇ ਹਨ ਕਿ ਕੋਵਿਡ ਦੇ ਦਿਨਾਂ ਵਿZਚ ਇਸ ਕੰਪਨੀ ਨੇ ਮਰੀਜ਼ਾਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਟੈਂਡਰ ਲੈ ਲਿਆ ਸੀ ਪਰ ਮਗਰੋਂ ਹਾਲਾਤ ਆਮ ਵਰਗੇ ਬਣ ਗਏ ਅਤੇ ਮਰੀਜ਼ਾਂ ਦੀ ਗਿਣਤੀ ਇਕਦਮ ਵਧਣੀ ਸ਼ੁਰੂ ਹੋ ਗਈ। ਇਹ ਕੰਪਨੀ 29 ਦਸੰਬਰ 2021 ਨੂੰ ਹੀ ਹੱਥ ਖੜ੍ਹੇ ਕਰ ਗਈ ਸੀ। ਇਸ ਸਕੀਮ ਤਹਿਤ ਪੰਜਾਬ ਵਿੱਚ ਕਰੀਬ 600 ਪ੍ਰਾਈਵੇਟ ਅਤੇ 200 ਸਰਕਾਰੀ ਹਸਪਤਾਲ ਜੁੜੇ ਹੋਏ ਹਨ ਅਤੇ ਇਸ ਸਕੀਮ ਹੇਠ ਹਰ ਪਰਿਵਾਰ ਨੂੰ ਇਲਾਜ ਲਈ ਪੰਜ ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਗਿਆ ਸੀ। ਪਤਾ ਲੱਗਾ ਹੈ ਕਿ ਕੰਪਨੀ ਖ਼ਿਲਾਫ਼ ਮਹਿਕਮੇ ਵੱਲੋਂ ਕਾਨੂੰਨੀ ਰਾਹ ਅਖ਼ਤਿਆਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਦਾ ਕਰੀਬ 260 ਕਰੋੜ ਦਾ ਕਲੇਮ ਹੁਣ ਤੱਕ ਬਣ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਨੂੰ ਇਹ ਰਾਸ਼ੀ ਜਾਰੀ ਨਹੀਂ ਕੀਤੀ ਗਈ ਜਿਸ ਕਰ ਕੇ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਕਰਨਾ ਬੰਦ ਕਰ ਦਿੱਤਾ ਹੈ। ਹੁਣ ਮਹਿੰਗਾ ਇਲਾਜ ਨਾ ਕਰਵਾ ਸਕਣ ਵਾਲੇ ਲੋੜਵੰਦ ਮਰੀਜ਼ ਇੱਧਰ-ਉੱਧਰ ਭਟਕ ਰਹੇ ਹਨ। ਪਹਿਲੀ ਅਗਸਤ ਤੋਂ ਪੀਜੀਆਈ ਨੇ ਵੀ ਇਸ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ ਜਿਸ ਮਗਰੋਂ ਹੁਣ ਸਰਕਾਰ ਦੀ ਜਾਗ ਖੁੱਲ੍ਹੀ ਹੈ। ਸਿਹਤ ਮਹਿਕਮਾ ਆਖ ਰਿਹਾ ਹੈ ਕਿ ਉਨ੍ਹਾਂ ਨੇ ਵਿੱਤ ਵਿਭਾਗ ਕੋਲੋਂ ਰਾਸ਼ੀ ਮੰਗੀ ਹੋਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੌਮੀ ਮੀਤ ਪ੍ਰਧਾਨ ਡਾ. ਨਵਜੋਤ ਦਾਹੀਆ ਨੇ ਕਿਹਾ ਕਿ 25 ਦਸੰਬਰ ਮਗਰੋਂ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਿਸ ਕਰ ਕੇ ਲੋੜਵੰਦਾਂ ਮਰੀਜ਼ਾਂ ਲਈ ਸੰਕਟ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ’ਚ ਸਰਦੇ ਪੁੱਜਦੇ ਲੋਕ ਵੀ ਦਾਖਲ ਹੋਏ ਹਨ ਜਿਨ੍ਹਾਂ ਕਰ ਕੇ ਲੋੜਵੰਦਾਂ ਦਾ ਹੱਕ ਵੀ ਮਾਰਿਆ ਗਿਆ।
ਪੀਜੀਆਈ ਨੂੰ ਰਾਸ਼ੀ ਜਾਰੀ ਕੀਤੀ: ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਸਬੰਧੀ ਗੱਲ ਕਰਨ ’ਤੇ ਕਿਹਾ ਕਿ ਪੀਜੀਆਈ ਨੂੰ ਇਸ ਸਕੀਮ ਤਹਿਤ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਭਲਕ ਤੋਂ ਪੀਜੀਆਈ ਵਿੱਚ ਲੋੜਵੰਦ ਮਰੀਜ਼ਾਂ ਦਾ ਇਸ ਸਕੀਮ ਤਹਿਤ ਮੁਫ਼ਤ ਇਲਾਜ ਸ਼ੁਰੂ ਹੋ ਜਾਵੇਗਾ।
ਦੋ ਦਿਨਾਂ ’ਚ ਹੱਲ ਹੋ ਜਾਵੇਗਾ ਮਸਲਾ: ਫੂਲਕਾ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ ਟੀਪੀਐੱਸ ਫੂਲਕਾ ਨੇ ਕਿਹਾ ਕਿ ਸਿਹਤ ਬੀਮਾ ਸਕੀਮ ਤਹਿਤ ਬਕਾਇਆ ਬਿੱਲਾਂ ਦੇ ਭੁਗਤਾਨ ਦਾ ਮਸਲਾ ਦੋ ਦਿਨਾਂ ਵਿੱਚ ਹੀ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਕਲੇਮ ਨੂੰ ਟੀਮਾਂ ਵੈਰੀਫਾਈ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੀਮਾ ਕੰਪਨੀ ਵੱਲੋਂ ਸੇਵਾਵਾਂ ਬੰਦ ਕਰਨ ਕਰ ਕੇ ਇਹ ਮੁਸ਼ਕਲ ਪੇਸ਼ ਆਈ ਹੈ।